ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ, ਤਿੰਨ ਕਿਲੋ ਤੋਂ ਵੱਧ ਹੈਰੋਇਨ ਸਣੇ 5 ਮੁਲਜ਼ਮ ਗ੍ਰਿਫ਼ਤਾਰ

by nripost

ਫਿਰੋਜ਼ਪੁਰ (ਨੇਹਾ): ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲਿਸ ਨੇ 3 ਕਿਲੋ 602 ਗ੍ਰਾਮ ਹੈਰੋਇਨ, ਦੋ ਮੋਬਾਇਲ ਫੋਨ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ, ਜਿਸ ਵਿੱਚ ਤਸਕਰਾਂ ਦੇ ਨੈਟਵਰਕ ਨੂੰ ਤੋੜਨ ਲਈ ਸਖਤ ਕਦਮ ਚੁੱਕੇ ਗਏ। ਪੁਲਿਸ ਨੇ ਮਾਮਲੇ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ 29 ਜੂਨ 2025 ਨੂੰ ਇੱਕ ਵੱਡੀ ਕਾਰਵਾਈ ਕੀਤੀ, ਜਿਸ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ 602 ਗ੍ਰਾਮ ਹੈਰੋਇਨ, ਦੋ ਮੋਬਾਇਲ ਫੋਨ, ਇੱਕ ਸ਼ੈਵਰਲੈਟ ਬੀਟ ਕਾਰ (ਨੰਬਰ ਪੀਬੀ-05-ਵੀ-0551) ਅਤੇ ਇੱਕ ਐੱਚਐੱਫ ਡੀਲਕਸ ਮੋਟਰਸਾਈਕਲ (ਨੰਬਰ ਪੀਬੀ-05-ਏਪੀ-5825) ਬਰਾਮਦ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਥਾਣਾ ਸਿਟੀ ਅਤੇ ਥਾਣਾ ਸਦਰ ਫਿਰੋਜ਼ਪੁਰ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਕੀਤੀ। ਥਾਣਾ ਸਿਟੀ ਫਿਰੋਜ਼ਪੁਰ ਦੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵਿਸ਼ਾਲ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 5, ਮੁਹੱਲਾ ਨਾਨਕਪੁਰਾ ਨੇੜੇ ਬਾਂਸੀ ਗੇਟ, ਫਿਰੋਜ਼ਪੁਰ ਸ਼ਹਿਰ ਅਤੇ ਸ਼ਿਵਮ ਕੁਮਾਰ ਪੁੱਤਰ ਸੰਦੀਪ ਕੁਮਾਰ ਵਾਸੀ ਕੱਚਾ ਜ਼ੀਰਾ ਰੋਡ, ਨੇੜੇ ਕੈਰੋਲ ਕਾਨਵੈਂਟ ਸਕੂਲ, ਦਾਣਾ ਮੰਡੀ, ਫਿਰੋਜ਼ਪੁਰ ਸ਼ਹਿਰ ਨੂੰ ਗ੍ਰਿਫਤਾਰ ਕੀਤਾ। ਇਹ ਦੋਵੇਂ ਦੋਸ਼ੀ ਕਾਰ ਵਿੱਚ ਹੈਰੋਇਨ ਵੇਚਣ ਦੀ ਤਾਕ ਵਿੱਚ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 1 ਕਿਲੋ 591 ਗ੍ਰਾਮ ਹੈਰੋਇਨ, ਦੋ ਮੋਬਾਇਲ ਫੋਨ ਅਤੇ ਉਕਤ ਕਾਰ ਜ਼ਬਤ ਕੀਤੀ।

ਮੁਖ਼ਬਰ ਦੀ ਸੂਚਨਾ ਅਨੁਸਾਰ, ਇਹ ਦੋਸ਼ੀ ਦਾਣਾ ਮੰਡੀ ਵਿਖੇ ਗਾਹਕਾਂ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ਾ ਕਿੱਥੋਂ ਆਇਆ ਅਤੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਇਸੇ ਤਰ੍ਹਾਂ, ਥਾਣਾ ਸਦਰ ਫਿਰੋਜ਼ਪੁਰ ਦੀ ਟੀਮ ਨੇ ਐੱਸਆਈ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ, ਸਰਬਜੀਤ ਸਿੰਘ ਉਰਫ ਸਾਬੀ ਅਤੇ ਪੰਮਾ ਸਿੰਘ ਸਾਰੇ ਵਾਸੀ ਸਾਹਨ ਕੇ ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਨੂੰ ਬਾਰਡਰ ਰੋਡ ਤੋਂ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ 2 ਕਿਲੋ 11 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਇਹ ਦੋਸ਼ੀ ਵੀ ਨਸ਼ਿਆਂ ਦੀ ਵੱਡੀ ਖੇਪ ਨੂੰ ਅੱਗੇ ਸਪਲਾਈ ਕਰਨ ਦੀ ਫਿਰਾਕ ਵਿੱਚ ਸਨ। ਮਾਮਲਾ ਦਰਜ ਕਰਕੇ ਸਖਤੀ ਨਾਲ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਤਸਕਰੀ ਨੈਟਵਰਕ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਸਰੋਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਵਿਰੁੱਧ ਸੂਚਨਾਵਾਂ ਸਾਂਝੀਆਂ ਕਰਨ ਵਿੱਚ ਸਹਿਯੋਗ ਕਰਨ, ਤਾਂ ਜੋ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।