ਤਰਨ ਤਾਰਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੱਗੀ ਅੱਗ

by mediateam

ਤਰਨ ਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੱਕ ਸਿਕੰਦਰ ਵਿਖੇ ਲੰਘੀ ਦੇਰ ਰਾਤ ਲੱਗੀ ਅੱਗ ਕਾਰਨ ਸੁਖ ਆਸਨ ਵਾਲੇ ਕਮਰੇ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਅਗਨ ਭੇਟ ਹੋ ਗਏ ਜਦਕਿ ਇਕ ਸ੍ਰੀ ਸੁਖਮਨੀ ਸਾਹਿਬ ਦੀ ਪੋਥੀ ਅਤੇ ਇਕ ਜਪੁਜੀ ਸਾਹਿਬ ਦਾ ਗੁਟਕਾ ਸਾਹਿਬ ਵੀ ਅਗਨ ਭੇਟ ਹੋ ਗਿਆ। ਇਹ ਅੱਗ ਪਲੰਘਾ ਸਾਹਿਬ ਨਾਲ ਲੱਗੇ ਛੋਟੇ ਪੱਖੇ 'ਚੋਂ ਸ਼ਾਰਟ ਸਰਕਟ ਕਾਰਨ ਨਿਕਲੀ ਚੰਗਿਆੜੀ ਕਾਰਨ ਲੱਗੀ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਿੰਡ ਚੱਕ ਸਿਕੰਦਰ ਦੇ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਨੂੰ ਮੰਗਲਵਾਰ ਸਵੇਰੇ ਕਰੀਬ ਤਿੰਨ ਵਜੇ ਸੁਖ ਆਸਨ ਵਾਲੇ ਕਮਰੇ 'ਚ ਅੱਗ ਲੱਗਣ ਦਾ ਪਤਾ ਚੱਲਿਆ।


ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਦੋਂ ਅੱਗ 'ਤੇ ਕਾਬੂ ਪਾਇਆ ਗਿਆ ਤਾਂ ਉਦੋਂ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਅਗਨ ਭੇਟ ਹੋ ਚੁੱਕੇ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਮਨਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤ ਪਹੁੰਚ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਡੀਐੱਸਪੀ ਸਿਟੀ ਕੰਵਲਜੀਤ ਸਿੰਘ ਔਲਖ, ਥਾਣਾ ਝਬਾਲ ਦੇ ਮੁਖੀ ਬਲਜੀਤ ਸਿੰਘ, ਸਬ ਇੰਸਪੈਕਟਰ ਹਰਸ਼ਾ ਸਿੰਘ ਫੋਰਸ ਸਮੇਤ ਪਹੁੰਚ ਗਏ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਘਟਨਾ ਪਿੱਛੇ ਗ੍ਰੰਥੀ ਦੀ ਅਣਗਹਿਲੀ ਸਾਹਮਣੇ ਆਈ ਹੈ। ਪਲੰਘਾ ਸਾਹਿਬ ਨੂੰ ਆਰਜੀ ਢੰਗ ਨਾਲ ਪੱਖਾ ਲਗਾਇਆ ਗਿਆ ਸੀ ਜੋ ਘਟਨਾ ਦਾ ਕਾਰਨ ਬਣ ਗਿਆ। ਡੀਐੱਸਪੀ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..