ਆਸਟ੍ਰੇਲੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਛੱਡਣ ਦੇ ਦਿੱਤੇ ਹੁਕਮ

by jaskamal

ਨਿਊਜ਼ ਡੈਸਕ : ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਮੰਗਲਵਾਰ ਨੂੰ ਭਿਆਨਕ ਹੜ੍ਹ ਆ ਗਿਆ। ਭਾਰੀ ਮੀਂਹ ਕਾਰਨ ਦਰਜਨਾਂ ਸ਼ਹਿਰ ਹੜ੍ਹਾਂ ਦੀ ਲਪੇਟ 'ਚ ਆ ਗਏ ਹਨ। ਵਸਨੀਕ ਛੱਤਾਂ ਤੇ ਪੁਲਾਂ 'ਤੇ ਫਸੇ ਹੋਏ ਹਨ। ਭਿਆਨਕ ਹੜ੍ਹਾਂ ਕਾਰਨ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹੜ੍ਹ 'ਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਕੀਤਾ ਜਾ ਰਿਹਾ ਹੈ।

ਆਸਟ੍ਰੇਲੀਆਈ ਹੈਲੀਕਾਪਟਰ ਦੇ ਅਮਲੇ ਨੇ ਨਿਊ ਸਾਊਥ ਵੇਲਜ਼ 'ਚ ਫਸੇ ਇਕ ਵਿਅਕਤੀ ਨੂੰ ਬਚਾਇਆ। ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਹੜ੍ਹ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਮੁੱਖ ਸ਼ਹਿਰ ਤੇ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬੇਨ ਸਮੇਤ ਦਰਜਨਾਂ ਸ਼ਹਿਰਾਂ 'ਚ ਭਾਰੀ ਹੜ੍ਹ ਵਰਗੇ ਹਾਲਾਤ ਸਨ। ਕਈ ਥਾਵਾਂ 'ਤੇ ਪਾਣੀ ਕਈ-ਕਈ ਫੁੱਟ ਤਕ ਚੜ੍ਹ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਸਹਾਰਾ ਲੈਣਾ ਪਿਆ ਹੈ। ਮੌਸਮ ਵਿਭਾਗ ਨੇ ਬਾਰਿਸ਼ ਜਾਰੀ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।