ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ

by vikramsehajpal

ਖ਼ੈਬਰ ਪਖ਼ਤੂਨਖ਼ਵਾ (ਦੇਵ ਇੰਦਰਜੀਤ)- ਸੂਬਾ ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ ਹੈ। ਇੱਥੋਂ ਦੇ ਗੁਰਦੀਪ ਸਿੰਘ ਹੁਰਾਂ ਨੇ ਇਹ ਉਪਲਬਧੀ ਕਰ ਵਿਖਾਈ ਹੈ। ਇਸ ਨਾਲ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਕਿਸੇ ਦਸਤਾਰਧਾਰੀ ਸਿੱਖ ਨੇ ਕਦੇ ਵੀ ਸੈਨੇਟ ’ਚ ਇਸ ਪਾਕਿਸਤਾਨੀ ਰਾਜ ਦੀ ਨੁਮਾਇੰਦਗੀ ਨਹੀਂ ਕੀਤੀ।

ਪਾਕਿਤਸਾਨੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਦਾ ਮਹੱਤਵ ਬਿਲਕੁਲ ਉਹੀ ਹੈ, ਜੋ ਭਾਰਤ ’ਚ ਰਾਜ ਸਭਾ ਦਾ ਹੈ। 145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਵੋਟਾਂ ਮਿਲੀਆਂ। ਉਹ ਪਾਕਿਸਤਾਨ ’ਚ ਸੱਤਾਧਾਰੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ‘ਜਮੀਅਤ ਉਲੇਮਾ-ਏ-ਇਸਲਾਮ’ (ਫ਼ਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਹਰਾਇਆ, ਜੋ ਸਿਰਫ਼ 25 ਵੋਟਾਂ ਹੀ ਹਾਸਲ ਕਰ ਸਕੇ। ‘ਅਵਾਮੀ ਨੈਸ਼ਨਲ ਪਾਰਟੀ’ ਦੇ ਉਮੀਦਵਾਰ ਆਸਿਫ਼ ਭੱਟੀ ਸਿਰਫ਼ 12 ਵੋਟਾਂ ਹੀ ਲਿਜਾ ਸਕੇ।