ਲੋਕ ਸਭਾ ਚੋਣਾਂ ਲਈ ਭਾਜਪਾ ਨੇ 23 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਚੋਣ ਇੰਚਾਰਜ, ਸਹਿ-ਇੰਚਾਰਜ ਐਲਾਨੇ

by jaskamal

ਪੱਤਰ ਪ੍ਰੇਰਕ : ਭਾਜਪਾ ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਚੋਣ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਭਾਜਪਾ ਇੰਚਾਰਜ ਵਿਜੇ ਰੂਪਾਨੀ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦਕਿ ਭਾਜਪਾ ਦੇ ਕੌਮੀ ਸਕੱਤਰ ਨਰਿੰਦਰ ਸਿੰਘ ਨੂੰ ਸੂਬੇ ਵਿੱਚ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਸੰਜੇ ਟੰਡਨ ਸਹਿ-ਇੰਚਾਰਜ ਹੋਣਗੇ।

ਪਾਰਟੀ ਦੇ ਇੱਕ ਬਿਆਨ ਮੁਤਾਬਕ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਬਿਹਾਰ ਦਾ ਚੋਣ ਇੰਚਾਰਜ ਬਣਾਇਆ ਗਿਆ ਹੈ, ਜਦਕਿ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਝਾਰਖੰਡ ਇਕਾਈ ਦੇ ਸਾਬਕਾ ਮੁਖੀ ਦੀਪਕ ਪ੍ਰਕਾਸ਼ ਸਹਿ-ਇੰਚਾਰਜ ਹੋਣਗੇ। ਤਾਵੜੇ ਬਿਹਾਰ ਵਿੱਚ ਭਾਜਪਾ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਨ।

ਭਾਜਪਾ ਨੇ ਉਪ ਪ੍ਰਧਾਨ ਬੈਜਯੰਤ ਜੈ ਪਾਂਡਾ ਨੂੰ ਉੱਤਰ ਪ੍ਰਦੇਸ਼ ਦਾ ਚੋਣ ਇੰਚਾਰਜ ਅਤੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੂੰ ਉੱਤਰਾਖੰਡ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਲਕਸ਼ਮੀਕਾਂਤ ਬਾਜਪਾਈ ਝਾਰਖੰਡ ਦੇ ਚੋਣ ਇੰਚਾਰਜ ਹੋਣਗੇ। ਇਸ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਿਯੁਕਤੀਆਂ ਕੀਤੀਆਂ ਹਨ।

ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਹਰਿਆਣਾ ਦਾ ਚੋਣ ਇੰਚਾਰਜ ਬਣਾਇਆ ਗਿਆ ਹੈ। ਭਾਜਪਾ ਆਗੂ ਸੁਰਿੰਦਰ ਨਾਗਰ ਸੂਬੇ ਦੀਆਂ ਚੋਣਾਂ ਲਈ ਸਹਿ-ਇੰਚਾਰਜ ਹੋਣਗੇ।