
ਨਵੀ ਦਿੱਲੀ (ਨੇਹਾ): ਜੈਸ਼ੰਕਰ ਨੇ ਦੁਵਲੇ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਅਤਿਵਾਦ ਵਿਰੁਧ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਦੀ ਪੁਸ਼ਟੀ ਕਰਨ ਲਈ ਫਰਾਂਸ, ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਐਤਵਾਰ ਨੂੰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ਸ਼ੁਰੂ ਕੀਤੀ ਹੈ।
ਜੈਸ਼ੰਕਰ ਦੀ ਯੂਰਪ ਯਾਤਰਾ ਭਾਰਤ ਵਲੋਂ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਆਪਰੇਸ਼ਨ ਸੰਧੂਰ ਸ਼ੁਰੂ ਕਰਨ ਦੇ ਇਕ ਮਹੀਨੇ ਬਾਅਦ ਹੋ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਨਵੀਂ ਦਿੱਲੀ ਦੇ ਦ੍ਰਿੜ ਰਵੱਈਏ ਤੋਂ ਯੂਰਪੀ ਨੇਤਾਵਾਂ ਨੂੰ ਜਾਣੂ ਕਰਵਾਉਣਗੇ।
ਅਪਣੀ ਯਾਤਰਾ ਦੇ ਪਹਿਲੇ ਪੜਾਅ ’ਚ ਜੈਸ਼ੰਕਰ ਫਰਾਂਸ ਦਾ ਦੌਰਾ ਕਰਨਗੇ, ਜੋ ਨਵੀਂ ਦਿੱਲੀ ਦਾ ਹਰ ਮੌਸਮ ਦਾ ਦੋਸਤ ਬਣ ਕੇ ਉਭਰਿਆ ਹੈ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿਦੇਸ਼ ਮੰਤਰੀ ਪੈਰਿਸ ਅਤੇ ਮਾਰਸੇਲ ਜਾਣਗੇ, ਜਿੱਥੇ ਉਹ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਅਪਣੇ ਹਮਰੁਤਬਾ ਮੰਤਰੀ ਜੀਨ ਨੋਏਲ ਬੈਰੋਟ ਨਾਲ ਦੁਵਲੀ ਗੱਲਬਾਤ ਕਰਨਗੇ।
ਜੈਸ਼ੰਕਰ ਮਾਰਸੇਲ ਸ਼ਹਿਰ ’ਚ ਹੋਣ ਵਾਲੇ ਮੈਡੀਟੇਰੀਅਨ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸੰਸਕਰਣ ’ਚ ਵੀ ਹਿੱਸਾ ਲੈਣਗੇ। ਬ੍ਰਸੇਲਜ਼ ’ਚ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ ਅਤੇ ਉਪ ਰਾਸ਼ਟਰਪਤੀ ਕਾਜਾ ਕਾਲਸ ਨਾਲ ਰਣਨੀਤਕ ਗੱਲਬਾਤ ਕਰਨਗੇ।