ਭਾਰਤ ਤੇ ਹੰਗਰੀ ਦੇ ਵਿਦੇਸ਼ ਮੰਤਰੀਆਂ ਵੱਲੋਂ ਯੂਕਰੇਨ ਵਿਵਾਦ ’ਤੇ ਚਰਚਾ

by jaskamal

ਨਿਊਜ਼ ਡੈਸਕ : ਭਾਰਤ ਤੇ ਹੰਗਰੀ ਦੇ ਵਿਦੇਸ਼ ਮੰਤਰੀਆਂ ਨੇ ਅੱਜ ਇੱਥੇ ਯੂਕਰੇਨ ਵਿਵਾਦ ਅਤੇ ਯੂਰੋਪੀਅਨ ਯੂਨੀਅਨ ਨਾਲ ਭਾਰਤ ਦੇ ਸੰਪਰਕ ਤੋਂ ਇਲਾਵਾ ਸਾਇੰਸ ਤੇ ਤਕਨੀਕ, ਸਿੱਖਿਆ ਤੇ ਸੱਭਿਆਚਾਰਕ ਸਬੰਧਾਂ ਬਾਰੇ ਚਰਚਾ ਕੀਤੀ ਹੈ। ਹੰਗਰੀ ਦੇ ਵਿਦੇਸ਼ ਮੰਤਰੀ ਪੀਟਰ ਜ਼ਿਜਾਰਟੋ ਦੋ ਦਿਨਾ ਦੌਰੇ ’ਤੇ ਭਾਰਤ ਆਏ ਹੋਏ ਹਨ ਅਤੇ ਉਨ੍ਹਾਂ ਨੇ ਅੱਜ ਇੱਥੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸ੍ਰੀ ਜੈਸ਼ੰਕਰ ਨੇ ਕਿਹਾ, ‘‘ਮੀਟਿੰਗ ’ਚ ਯੂਕਰੇਨ ਵਿਵਾਦ ਅਤੇ ਵੱਖ ਵੱਖ ਪੱਖਾਂ ’ਤੇ ਇਸ ਦੇ ਪ੍ਰਭਾਵ ਬਾਰੇ ਮੁਲਾਂਕਣ ਕੀਤਾ।

ਯੂਰੋਪੀਅਨ ਯੂਨੀਅਨ ਨਾਲ ਭਾਰਤ ਦੇ ਸੰਪਰਕ ਦੇ ਵਿਸਤਾਰ ਵਿੱਚ ਹੰਗਰੀ ਦੀ ਵਚਨਬੱਧਤਾ ਦੀ ਸ਼ਲਾਘਾ ਵੀ ਕੀਤੀ।’’ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਮੈਡੀਕਲ ਵਿਦਿਆਰਥੀਆਂ ਦੇ ਹੰਗਰੀ ਦੇ ਕਾਲਜਾਂ ਵਿੱਚ ਦਾਖਲੇ ਬਾਰੇ ਵੀ ਚਰਚਾ ਕੀਤੀ ਹੈ। ਹੰਗਰੀ ਦੇ ਵਿਦੇਸ਼ ਮੰਤਰੀ ਜ਼ਿਜਾਰਟੋ ਨੇ ਕਿਹਾ ਵਪਾਰ ਦੇ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਦੋ ਕਰਾਰਾਂ ’ਤੇ ਦਸਤਖ਼ਤ ਕੀਤੇ ਜਾਣਗੇ। ਇਸੇ ਦੌਰਾਨ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਜ਼ਿਜਾਰਟੋ ਨੇ ਇੱਕ ਬਿਜ਼ਨੈੱਸ ਫੋਰਮ ਦਾ ਉਦਘਾਟਨ ਵੀ ਕੀਤਾ।