ਮੁਤਵਾਜ਼ੀ ਜਥੇਦਾਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਨਖਾਹੀਆ ਕਰਾਰ

by jaskamal

ਨਿਊਜ਼ ਡੈਸਕ (ਜਸਕਮਲ) : ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਇਸ ਸਬੰਧੀ ਇਕ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਬਾਹਰੋਂ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਹੈ।

ਪੰਜ ਸਿੰਘਾਂ ਦੇ ਨਾਲ ਇਹ ਹੁਕਮਨਾਮਾ ਜਾਰੀ ਕਰਦਿਆਂ ਉਨ੍ਹਾਂ ਸਿੱਖ ਸੰਗਤ ਨੂੰ ਕਿਹਾ ਹੈ ਕਿ ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਤੇ ਤਨਖ਼ਾਹ ਨਹੀਂ ਲਗਵਾ ਲੈਂਦੇ ਓਨੀ ਦੇਰ ਤਕ ਉਸ ਨੂੰ ਸਹਿਯੋਗ ਨਾ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਇਨਸਾਫ ਲੈਣ ਵਾਸਤੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਚੁਕਵਾਇਆ ਗਿਆ ਸੀ। ਪੰਜ ਸਿੰਘਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਉਹ ਇਸ ਸਿੱਟੇ ’ਤੇ ਪੁੱਜੇ ਹਨ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਸਾਜ਼ਿਸ਼ ਤਹਿਤ ਇਸ ਮੋਰਚੇ ਨੂੰ ਖ਼ਤਮ ਕਰਵਾਇਆ ਸੀ। ਇਸ ਬਾਰੇ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਸਿੰਘ ਜ਼ੀਰਾ ਕੋਲੋਂ, ਜੋ ਉਸ ਵੇਲੇ ਸਰਕਾਰ ਦੇ ਏਲਚੀ ਬਣ ਕੇ ਆਏ ਸਨ, ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਉਨ੍ਹਾਂ ਆਪਣਾ ਸਪਸ਼ਟੀਕਰਨ ਦੇ ਕੇ ਇਸ ਸਬੰਧੀ ਸਾਰੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ।

ਇਸ ਸਬੰਧ ਵਿਚ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਚਾਰ ਵਾਰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਹੈ ਪਰ ਉਹ ਇਕ ਵਾਰ ਵੀ ਪੇਸ਼ ਨਹੀਂ ਹੋਏ ਸਗੋਂ ਇੱਕ ਚਿੱਠੀ ਭੇਜ ਕੇ ਤੱਥਾਂ ਨੂੰ ਹੋਰ ਰੂਪ ਦੇ ਕੇ ਅਕਾਲ ਤਖ਼ਤ ਤੇ ਪੰਥ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ।