ਕਾਂਗਰਸ ਉਮੀਦਵਾਰ ਰਹਿ ਚੁੱਕੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਿਵਾਦਾਂ ‘ਚ

by jaskamal

ਨਿਊਜ਼ ਡੈਸਕ : ਪੰਜਾਬ ਦੇ ਮਸ਼ਹੂਰ ਗਾਇਕ, ਕਾਂਗਰਸ ਆਗੂ ਅਤੇ ਮਾਨਸਾ ਵਿਧਾਨ ਸਭਾ ਸੀਟ ਤੋਂ ਹਾਲ ਹੀ 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਰਹਿ ਚੁੱਕੇ ਸਿੱਧੂ ਮੂਸੇਵਾਲਾ ਦੇ ਇਕ ਗੀਤ ਨੇ ਪੰਜਾਬ 'ਚ ਸਿਆਸੀ ਬਵਾਲ ਮਚਾ ਦਿੱਤਾ ਹੈ।

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਮੂਸੇਵਾਲਾ ‘ਤੇ ਦਰਜ ਹੋਇਆ ਏ.ਕੇ. 47 ਵਾਲਾ ਕੇਸ ਮੁੜ ਖੋਲ੍ਹਿਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਮੂਸੇਵਾਲਾ ਕੋਲ ਜੋ ਏ.ਕੇ 47 ਅਸਲੀ ਸੀ ਜਾਂ ਫਿਰ ਟੁਆਏ ਗੰਨ ਸੀ। ਭੁੱਲਰ ਨੇ ਕਿਹਾ ਕਿ ਇਹ ਕੇਸ ਫਿਰ ਖੋਲ੍ਹ ਕੇ ਕਾਨੂੰਨ ਮੁਤਾਬਕ ਜਾਂਚ ਹੋਵੇਗੀ।

ਸਿੱਧੂ ਮੂਸੇਵਾਲਾ ਨੇ ਕਿਹਾ, ''ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਿੱਤੀ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਕੌਣ ਜਿੱਤਿਆ ਤੇ ਕੌਣ ਹਾਰਿਆ। ਉਨ੍ਹਾਂ ਕਿਸਾਨਾਂ ਨੂੰ ਹਰਾਇਆ। ਉਸ ਨੇ ਸਿਮਰਜੀਤ ਮਾਨ ਨੂੰ ਵੀ ਹਰਾਇਆ ਸੀ। ਹੁਣ ਦੱਸੋ ਅਸਲੀ ਗੱਦਾਰ ਕੌਣ?

ਮੂਸੇਵਾਲਾ ਦੇ ਇਸ ਗੀਤ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀਆਂ ਨੇ ਸਿੱਧੂ ਮੂਸੇਵਾਲਾ ਨੂੰ ਲੰਮੇ ਹੱਥੀਂ ਲਿਆ ਹੈ ਅਤੇ ਕਿਹਾ ਹੈ ਕਿ ਆਪਣੀ ਚੁਣਾਵੀਂ ਹਾਰ ਦੀ ਭੜਾਸ ਕੱਢਣ ਲਈ ਸਿੱਧੂ ਮੂਸੇਵਾਲਾ ਪੰਜਾਬ ਦੀ ਜਨਤਾ ਨੂੰ ਗੱਦਾਰ ਦੱਸ ਰਿਹਾ ਹੈ ਅਤੇ ਕੀ ਇਹ ਕਾਂਗਰਸ ਦੀ ਵਿਚਾਰਧਾਰਾ ਹੈ।