ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫਤਾਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਤੇ ਇੱਕ ਹੋਰ ਐੱਫ.ਆਈ.ਆਰ. ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ, ਜਿਸ ਦੀ ਸਮੱਗਰੀ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ।ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਸੈਣੀ ਖੁਦ ਰਾਤ 8 ਵਜੇ ਬਿਊਰੋ ਦੇ ਦਫ਼ਤਰ ਪਹੁੰਚੇ ਅਤੇ ਕਿਹਾ ਕਿ ਉਹ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ “ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਇਸ ਨਾਲ ਸਬੰਧਿਤ ਵੇਰਵੇ ਕੱਲ੍ਹ ਸਾਂਝੇ ਕੀਤੇ ਜਾ ਸਕਦੇ ਹਨ।”

ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਿਜੀਲੈਂਸ ਨੂੰ ਉਨ੍ਹਾਂ ਵਿਰੁੱਧ ਨਵੀਂਆਂ ਧਾਰਾਵਾਂ ਅਧੀਨ ਕਾਰਵਾਈ ਤੋਂ ਰੋਕਿਆ ਜਾਵੇ ਪਰ ਹਾਈ ਕੋਰਟ ਨੇ ਅੱਗਿਓਂ ਉਨ੍ਹਾਂ ਨੂੰ ਝਾੜ ਪਾ ਦਿੱਤੀ ਸੀ; ਜਿਸ ਕਾਰਨ ਸੈਣੀ ਨੂੰ ਆਪਣੀ ਅਰਜ਼ੀ ਵਾਪਸ ਲੈਣੀ ਪਈ ਸੀ।

ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਨੂੰ ਇਸ ਲਈ ਝਾੜ ਪਾਈ ਹੈ ਕਿਉਂਕਿ ਉਹ ਵਿਜੀਲੈਂਸ ਨੂੰ ਆਪਣੇ ਵਿਰੁੱਧ ਹੋ ਰਹੀ ਕਾਰਵਾਈ ਤੋਂ ਰੋਕਣਾ ਚਾਹੁੰਦੇ ਸਨ। ਉਹ ਇਸ ਗੱਲ ਤੋਂ ਦੁਖੀ ਸਨ ਕਿ ਵਿਜੀਲੈਂਸ ਉਨ੍ਹਾਂ ਨੂੰ ਦੱਸੇ ਬਿਨਾ ਹੀ ਨਵੀਂਆਂ ਧਾਰਾਵਾਂ ਅਧੀਨ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ। ਦਰਅਸਲ, ਸੁਮੇਧ ਸਿੰਘ ਸੈਣੀ ਨੂੰ ਅਦਾਲਤ ਨੇ ਜ਼ਮਾਨਤ ਤਾਂ ਦੇ ਦਿੱਤੀ ਸੀ ਪਰ ਉਦੋਂ ਧਾਰਾਵਾਂ ਹੋਰ ਸਨ। ਹੁਣ ਵਿਜੀਲੈਂਸ ਨੇ ਧਾਰਾਵਾਂ ਬਦਲ ਕੇ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਕਰ ਲਈ ਹੈ।