ਸਾਬਕਾ ਓਲੰਪੀਅਨ ਗ੍ਰੇਗ ਕਲਾਰਕ ਬਣੇ ਭਾਰਤੀ ਮਰਦ ਹਾਕੀ ਟੀਮ ਦੇ ਵਿਸ਼ਲੇਸ਼ਣੀ ਕੋਚ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਦੱਖਣੀ ਅਫਰੀਕਾ ਦੇ ਸਾਬਕਾ ਓਲੰਪੀਅਨ ਗ੍ਰੇਗ ਕਲਾਰਕ ਨੂੰ ਟੋਕੀਓ ਓਲੰਪਿਕ ਖੇਡਾਂ ਤਕ ਭਾਰਤੀ ਮਰਦ ਹਾਕੀ ਟੀਮ ਦਾ ਨਵਾਂ ਵਿਸ਼ਲੇਸ਼ਣੀ ਕੋਚ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ।

ਕਲਾਰਕ ਇਸ ਮਹੀਨੇ ਰਾਸ਼ਟਰੀ ਕੈਂਪ ਵਿਚ ਟੀਮ ਨਾਲ ਜੁੜਨਗੇ। ਉਹ ਇਸ ਤੋਂ ਪਹਿਲਾਂ 2013-14 ਵਿਚ ਭਾਰਤੀ ਜੂਨੀਅਰ ਮਰਦ ਟੀਮ ਦੇ ਕੋਚ ਰਹਿ ਚੁੱਕੇ ਹਨ। ਤਦ ਭਾਰਤੀ ਟੀਮ ਨੇ ਸੁਲਤਾਨ ਜੋਹੋਰ ਕੱਪ ਜਿੱਤਿਆ ਸੀ ਤੇ ਨਵੀਂ ਦਿੱਲੀ ਵਿਚ 2013 ਵਿਚ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ। ਉਹ 2017 ਤੋਂ 2020 ਤਕ ਕੈਨੇਡਾ ਦੀ ਮਰਦ ਟੀਮ ਦੇ ਸਹਾਇਕ ਕੋਚ ਰਹੇ ਸਨ। ਕਲਾਰਕ ਨੇ ਕਿਹਾ ਕਿ ਮੈਂ ਭਾਰਤੀ ਮਰਦ ਹਾਕੀ ਟੀਮ ਨਾਲ ਜੁੜਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਤੋਂ ਪਹਿਲਾਂ ਹਾਕੀ ਇੰਡੀਆ ਦੇ ਨਾਲ ਕੰਮ ਕਰਨ ਕਾਰਨ ਮੈਂ ਉਸ ਦੇ ਢਾਂਚੇ ਤੋਂ ਜਾਣੂ ਹਾਂ। ਮੈਂ 2013 ਵਿਚ ਜੂਨੀਅਰ ਟੀਮ ਦੇ ਜਿਨ੍ਹਾਂ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਸੀ ਉਨ੍ਹਾਂ ਵਿਚੋਂ ਜ਼ਿਆਦਾਤਰ ਖਿਡਾਰੀ ਹੁਣ ਸੀਨੀਅਰ ਟੀਮ ਦਾ ਹਿੱਸਾ ਹਨ ਤੇ ਇਕ ਖਿਡਾਰੀ ਦੇ ਰੂਪ ਵਿਚ ਉਨ੍ਹਾਂ ਨੇ ਕਾਫੀ ਤਜਰਬਾ ਹਾਸਲ ਕਰ ਲਿਆ ਹੈ।

ਕਲਾਰਕ ਨੇ ਆਪਣੇ 11 ਸਾਲ ਦੇ ਲੰਬੇ ਕਰੀਅਰ ਵਿਚ 250 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ ਦੋ ਵਿਸ਼ਵ ਕੱਪ ਤੇ ਦੋ ਓਲੰਪਿਕ ਵਿਚ ਵੀ ਹਿੱਸਾ ਲਿਆ।