ਜਬਰਨ ਵਸੂਲੀ ਦੇ ਦੋਸ਼ ਹੇਠ CBI ਦੇ ਚਾਰ ਅਧਿਕਾਰੀ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਚੰਡੀਗੜ੍ਹ 'ਚ ਛਾਪੇਮਾਰੀ ਦੌਰਾਨ ਫਿਰੌਤੀ ਦੇ ਦੋਸ਼ਾਂ 'ਚ ਦਿੱਲੀ ਵਿਖੇ ਤਾਇਨਾਤ ਆਪਣੇ ਚਾਰ ਸਬ-ਇੰਸਪੈਕਟਰਾਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤ ਗੁਪਤਾ, ਪਰਦੀਪ ਰਾਣਾ, ਅੰਕੁਰ ਕੁਮਾਰ ਅਤੇ ਆਕਾਸ਼ ਅਹਲਾਵਤ ਵਜੋਂ ਹੋਈ ਹੈ। ਸਾਰੇ ਹੀ ਮੁਲਜ਼ਮ ਸੀਬੀਆਈ ਦਿੱਲੀ 'ਚ ਤਾਇਨਾਤ ਸਬ-ਇੰਸਪੈਕਟਰ ਹਨ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਬਰਾਮਦ ਹੋਏ ਅਪਰਾਧਕ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਬੀਆਈ ਨੇ ਸ਼ਿਕਾਇਤ 'ਤੇ ਨਵੀਂ ਦਿੱਲੀ ਵਿੱਚ ਤਾਇਨਾਤ ਆਪਣੇ ਸਬ-ਇੰਸਪੈਕਟਰ ਤੇ ਅਣਪਛਾਤੇ ਅਧਿਕਾਰੀਆਂ/ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ, ਜੋ ਚੰਡੀਗੜ੍ਹ 'ਚ ਇਕ ਭਾਈਵਾਲੀ ਫਰਮ ਚਲਾ ਰਿਹਾ ਹੈ, ਨੇ ਦੋਸ਼ ਲਾਇਆ ਸੀ ਕਿ ਮੰਗਲਵਾਰ ਨੂੰ ਸੀਬੀਆਈ ਅਧਿਕਾਰੀਆਂ ਸਮੇਤ ਛੇ ਵਿਅਕਤੀ ਉਸਦੇ ਦਫ਼ਤਰ 'ਚ ਦਾਖਲ ਹੋਏ ਅਤੇ ਉਸਨੂੰ ਧਮਕੀ ਦਿੱਤੀ ਕਿ ਉਸਨੂੰ ਅੱਤਵਾਦੀਆਂ ਨੂੰ ਸਮਰਥਨ ਦੇਣ ਅਤੇ ਪੈਸੇ ਮੁਹੱਈਆ ਕਰਵਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਇਸ ਸਬੰਧੀ ਜਾਣਕਾਰੀ ਹੈ।