ਲੁਧਿਆਣਾ (ਇੰਦਰਜੀਤ ਸਿੰਘ) : ਥਾਣਾ ਮੋਤੀ ਨਗਰ ਦੇ ਇਲਾਕੇ ਅੰਦਰ ਚਾਰ ਸਾਲਾਂ ਦੀ ਮਾਸੂਮ ਬੱਚੀ ਨੂੰ ਕਿਸੇ ਅਣਪਛਾਤੇ ਹੈਵਾਨ ਨੇ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ 'ਚ ਲੜਕੀ ਦੀ ਮਾਂ ਨੂੰ ਖਦਸ਼ਾ ਹੈ ਕਿ ਮਾਸੂਮ ਬੱਚੀ ਨਾਲ ਘਿਨੌਣੀ ਘਟਨਾ ਸਕੂਲ ਦੇ ਅੰਦਰ ਹੀ ਹੋਈ ਹੈ, ਕਿਉਂਕਿ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਬੇਹੱਦ ਉਦਾਸ ਤੇ ਪਰੇਸ਼ਾਨ ਸੀ। ਇਸ ਹੈਵਾਨੀਅਤ ਭਰੀ ਘਟਨਾ ਸਬੰਧੀ ਲੜਕੀ ਦੀ ਮਾਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਬੱਚੀ ਨੂੰ ਤਿਆਰ ਕਰਨ ਲੱਗੀ। ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤੇ ਬਦਮਾਸ਼ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਸਵੇਰੇ ਲੜਕੀ ਨੂੰ ਸਕੂਲ ਲਈ ਤਿਆਰ ਕਰਨ ਲੱਗੀ ਤਾਂ ਉਸ ਨੇ ਦੇਖਿਆ ਕਿ ਲੜਕੀ ਦੀ ਪੈਂਟ 'ਤੇ ਖ਼ੂਨ ਲੱਗਾ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਲੜਕੀ ਦੀ ਮਾਂ ਉਸ ਨੂੰ ਤੁਰੰਤ ਨਰਸਿੰਗ ਹੋਮ ਲੈ ਗਈ, ਜਿੱਥੇ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਉਣ ਦੀ ਗੱਲ ਕਹੀ।
ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਉੱਪਰ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਕੀਤੀ ਜਾ ਰਹੀ ਹੈ ਜਲਦੀ ਹੀ ਹੈਵਾਨੀਅਤ ਭਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।



