CP ਦਫ਼ਤਰ ਦੇ ਬਾਹਰ ਮਿਲੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਖੰਡਿਤ ਅੰਗ, ਹਿੰਦੂ ਸੰਗਠਨਾਂ ਵੱਲੋਂ ਕਾਰਵਾਈ ਦੀ ਮੰਗ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਲੁਧਿਆਣਾ 'ਚ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਗ ਖਿੱਲਰੇ ਹੋਏ ਮਿਲੇ, ਜਿਨ੍ਹਾਂ ਨੂੰ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਤੇ ਗੋਰਾ ਥਾਪਰ ਨੇ ਪੁਲਿਸ ਹਵਾਲੇ ਕੀਤਾ ਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪਿੱਪਲ ਦੇ ਦਰੱਖਤ ਹੇਠਾਂ ਹਿੰਦੂ ਧਾਰਮਿਕ ਗ੍ਰੰਥਾਂ ਦੇ ਪਏ ਹੋਣ ਦੀ ਸੂਚਨਾ ਮਿਲਦਿਆਂ ਹੀ ਸ਼ਿਵ ਸੈਨਿਕਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸੜਕ ’ਤੇ ਸੁੱਟੇ ਗ੍ਰੰਥਾਂ ਦੇ ਅੰਗ ਚੁੱਕੇ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਏਡੀਸੀਪੀ ਅਸ਼ਵਨੀ ਗੋਟਿਆਲ ਤੇ ਏਸੀਪੀ ਨਰੇਸ਼ ਬਹਿਲ ਨੇ ਮੌਕੇ ‘ਤੇ ਪਹੁੰਚ ਕੇ ਅੰਗਾਂ ਨੂੰ ਕਬਜ਼ੇ ‘ਚ ਲਿਆ। ਜ਼ਿਕਰਯੋਗ ਹੈ ਕਿ ਅਜਿਹੀਆਂ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਪੰਜਾਬ 'ਚ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜੀ ਰਹੀ ਹੈ।