ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 29 ਲੱਖ 30 ਹਜ਼ਾਰ ਦੀ ਠੱਗੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਨਿਵਾਸੀ ਕੁਲਜੀਤ ਕੌਰ ਨੂੰ ਦੋ ਸਾਲ ਦੇ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੋਟ ਈਸੇ ਖਾਂ ਨਿਵਾਸੀ ਪਤੀ-ਪਤਨੀ ਵੱਲੋਂ 29 ਲੱਖ 30 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਦੀਪ ਕੌਰ ਕਿਹਾ ਕਿ ਕਥਿਤ ਦੋਸ਼ੀਆਂ ਸੁਖਵੰਤ ਸਿੰਘ ਉਰਫ਼ ਸੁੱਖਾ ਅਤੇ ਉਸਦੀ ਪਤਨੀ ਕੁਲਦੀਪ ਕੌਰ ਉਰਫ਼ ਸਿਮਰਨ ਕੌਰ ਦੋਵੇਂ ਵਾਸੀ ਦਾਤਾ ਰੋਡ ਕੋਟ ਈਸੇ ਖਾਂ ਹਾਲ ਜੁਝਾਰ ਨਗਰ ਮੋਗਾ ਨਾਲ ਆਪਣੀ ਬੇਟੀ ਕੁਲਜੀਤ ਕੌਰ ਨੂੰ ਕੈਨੇਡਾ ਦੋ ਸਾਲ ਦੇ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀਆਂ ਨੇ ਕਿਹਾ ਕਿ 32 ਲੱਖ ਰੁਪਏ ਖਰਚਾ ਆਵੇਗਾ, ਜਿਸ ’ਤੇ ਮੈਂ ਆਪਣੀ ਬੇਟੀ ਕੁਲਜੀਤ ਕੌਰ ਦੇ ਦਸਤਾਵੇਜ਼ ਤੇ ਪੈਸੇ ਦੇ ਦਿੱਤੇ।

ਦੋਸ਼ੀਆਂ ਨੇ ਮਿਲੀਭੁਗਤ ਮੇਰੀ ਬੇਟੀ ਕੁਲਜੀਤ ਕੌਰ ਦਾ ਜਲੰਧਰ ਤੋਂ ਬਾਇਓ ਮੈਟ੍ਰਿਕਸ ਕਰਵਾ ਦਿੱਤਾ ਤੇ ਕਿਹਾ ਕਿ ਤੁਹਾਡੀ ਬੇਟੀ ਦਾ ਵੀਜ਼ਾ ਆ ਗਿਆ ਹੈ, ਜਿਸ ਦੀ ਕਾਪੀ ਵੀ ਉਨ੍ਹਾਂ ਵਟਸਅਪ ’ਤੇ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਕੁਲਜੀਤ ਕੌਰ ਦੀ ਕੈਨੇਡਾ ਤੋਂ ਵੈਨਕੂਵਰ ਲਈ ਟਿਕਟ ਕਰਵਾ ਦਿੱਤੀ ਹੈ, ਜਦੋਂ ਮੈਂਨੂੰ ਸੁਖਵੰਤ ਸਿੰਘ ਨੇ ਇਕ ਲੜਕੀ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਉਸਨੇ ਸਾਨੂੰ ਕਿਹਾ ਕਿ ਤੁਸੀਂ ਲੜਕੀ ਨੂੰ ਨਾ ਭੇਜਣਾ, ਮੈਂ ਵਾਪਸ ਆ ਰਹੀ ਹਾਂ, ਜਿਸ ’ਤੇ ਅਸੀਂ ਉਸ ਨਾਲ ਗੱਲਬਾਤ ਕੀਤੀ ਅਤੇ ਵੀਜ਼ਾ ਅਤੇ ਟਿਕਟ ਦੀ ਜਾਂਚ ਕਰਵਾਈ ਤਾਂ ਉਹ ਜਾਅਲੀ ਨਿਕਲੇ।

ਸਾਡੇ ਵੱਲੋਂ ਰੌਲਾ ਪਾਉਣ ’ਤੇ ਕਥਿਤ ਦੋਸ਼ੀ ਸੁਖਵੰਤ ਸਿੰਘ ਨੇ 1 ਲੱਖ 70 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਤੇ ਗਰੰਟੀ ਵਜੋਂ ਦੋ ਚੈਕ ਦੇ ਦਿੱਤੇ ਅਤੇ ਕਿਹਾ ਕਿ ਤੁਹਾਡੇ ਪੈਸੇ ਜਲਦ ਵਾਪਸ ਕਰ ਦੇਵਾਂਗਾ ਪਰ ਉਸਨੇ ਨਾ ਤਾਂ ਪੈਸੇ ਵਾਪਸ ਕੀਤੇ, ਜਦੋਂ ਚੈਕ ਲਾਏ ਤਾਂ ਉਹ ਵੀ ਪੈਸੇ ਨਾ ਆਉਣ ’ਤੇ ਵਾਪਸ ਆ ਗਏ।ਦੋਸ਼ੀਆਂ ਨੇ ਮਿਲੀਭੁਗਤ ਕਰ ਕੇ 29 ਲੱਖ 30 ਹਜ਼ਾਰ ਦੀ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ