ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ 26 ਲੱਖ ਰੁਪਏ ਦੀ ਠੱਗੀ

by nripost

ਮੁੱਲਾਂਪੁਰ ਦਾਖਾ (ਰਾਘਵ): ਥਾਣਾ ਦਾਖਾ ਦੀ ਪੁਲਸ ਨੇ ਵਰਕ ਵੀਜ਼ੇ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਬਲਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੱਦੋਵਾਲ ਦੇ ਬਿਆਨਾਂ ’ਤੇ ਰਾਕੇਸ਼ ਰਿਖੀ, ਬਲਜੀਤ ਸਿੰਘ, ਰੀਤ, ਭੁਪਿੰਦਰ ਸਿੰਘ ਵਾਸੀ ਮੋਹਾਲੀ ਵਿਰੁੱਧ ਅਮਾਨਤ ’ਚ ਖਿਆਨਤ ਕਰਨ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਧਾਰਾ 406,420,120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਜ਼ਿਲ੍ਹਾ ਦਿਹਾਤੀ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਉੱਪ ਪੁਲਸ ਕਪਤਾਨ ਵਲੋਂ ਕੀਤੀ ਗਈ ਜਾਂਚ ’ਚ ਪਾਇਆ ਗਿਆ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਕੇਸ਼ ਰਿਖੀ, ਐਡਵਾਈਜ਼ਰ ਬਲਜੀਤ, ਰੀਤ ਅਤੇ ਪਾਰਟਨਰ ਭੁਪਿੰਦਰ ਸਿੰਘ ਵਲੋਂ ਬਲਵਿੰਦਰ ਸਿੰਘ ਬੱਦੋਵਾਲ ਨੂੰ ਵਰਕ ਵੀਜ਼ੇ ਦੇ ਆਧਾਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 20,60,000 ਰੁਪਏ ਹੜੱਪ ਲਏ ਗਏ ਪਰ ਕੈਨੇਡਾ ਨਹੀਂ ਭੇਜਿਆ ਗਿਆ। ਇਸ ਲਈ ਉਨ੍ਹਾਂ ਨੇ ਅਮਾਨਤ ’ਚ ਖਿਆਨਤ ਕਰਦਿਆਂ ਧੋਖਾਦੇਹੀ ਕੀਤੀ ਹੈ। ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਪੜਤਾਲ ਏ. ਐੱਸ. ਆਈ. ਸੁਲੱਖਣ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।