ਭਾਰਤ ਤੇ UAE ਵਿਚਕਾਰ ਮੁਕਤ ਵਪਾਰ ਸਮਝੌਤਾ; ਪੰਜ ਸਾਲਾਂ ‘ਚ 100 ਅਰਬ ਡਾਲਰ ਤਕ ਪਹੁੰਚੇਗਾ ਵਪਾਰ

by jaskamal

ਨਿਊਜ਼ ਡੈਸਕ (ਜਸਕਮਲ) : ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚਾਲੇ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਹੋਣ ਨਾਲ ਅਗਲੇ ਪੰਜ ਸਾਲਾਂ 'ਚ ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਪਹੁੰਚ ਜਾਵੇਗਾ ਤੇ ਲੱਖਾਂ ਨੌਕਰੀਆਂ ਪੈਦਾ ਕਰਨ 'ਚ ਮਦਦ ਮਿਲੇਗੀ। ਗੋਇਲ ਨੇ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮੁਕਤ ਵਪਾਰ ਸਮਝੌਤੇ (ਐੱਫਟੀਏ) 'ਤੇ ਦਸਤਖਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀਈਪੀਏ) ਮਈ 'ਚ ਲਾਗੂ ਹੋ ਸਕਦਾ ਹੈ ਤੇ ਪਹਿਲੇ ਦਿਨ ਤੋਂ ਭਾਰਤੀ ਹਿੱਤਾਂ ਦੇ ਲਗਪਗ 90 ਫੀਸਦੀ ਉਤਪਾਦਾਂ ਲਈ ਯੂਏਈ ਨੂੰ ਨਿਰਯਾਤ ਦਾ ਰਸਤੇ ਖੁੱਲ੍ਹਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਵਿਚਕਾਰ ਆਨਲਾਈਨ ਸੰਮੇਲਨ ਦੌਰਾਨ ਵਪਾਰਕ ਸਮਝੌਤੇ 'ਤੇ ਦਸਤਖਤ ਕੀਤੇ ਗਏ। ਸਮਝੌਤੇ 'ਤੇ ਭਾਰਤੀ ਪੱਖ ਤੋਂ ਗੋਇਲ ਤੇ ਯੂਏਈ ਦੇ ਆਰਥਿਕ ਮੰਤਰੀ ਅਬਦੁੱਲਾ ਬਿਨ ਤੌਕ ਅਲ ਮਰੀ ਨੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ 'ਚ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਇਕ ਢਾਂਚਾ ਵੀ ਜਾਰੀ ਕੀਤਾ। ਭਾਰਤ ਤੇ ਯੂਏਈ ਦੀਆਂ ਕੰਪਨੀਆਂ ਨੂੰ ਮੁਕਤ ਵਪਾਰ ਸਮਝੌਤੇ ਤੋਂ ਮਹੱਤਵਪੂਰਨ ਲਾਭ ਮਿਲੇਗਾ। ਇਸ 'ਚ ਬਿਹਤਰ ਮਾਰਕੀਟ ਪਹੁੰਚ ਤੇ ਘੱਟ ਫੀਸ ਦਰਾਂ ਸ਼ਾਮਲ ਹਨ। ਐੱਫਟੀਏ ਅਗਲੇ ਪੰਜ ਸਾਲਾਂ 'ਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰ ਨੂੰ ਮੌਜੂਦਾ  60 ਅਰਬ ਡਾਲਰ ਤੋਂ ਵਧਾ ਕੇ 100 ਅਰਬ ਡਾਲਰ ਕਰਨ ਦੀ ਉਮੀਦ ਹੈ।