ਨਵੇਂ ਸਾਲ ਤੋਂ ਬ੍ਰਿਟੇਨ ਹੁਣ ਆਪਣਾ ਰਸਤਾ ਕਰੇਗਾ ਖੁਦ ਤੈਅ

by vikramsehajpal

ਲੰਡਨ (ਦੇਵ ਇੰਦਰਜੀਤ) - ਬ੍ਰਿਟੇਨ ਦੇ ਲਈ ਨਵੇਂ ਸਾਲ ਦੇ ਨਾਲ-ਨਾਲ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ।ਬ੍ਰਿਟੇਨ, ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ। ਬ੍ਰਿਟੇਨ ਨੇ 31 ਦਸੰਬਰ ਦੀ ਰਾਤ ਠੀਕ 11 ਵਜੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ ਅਤੇ ਯਾਤਰਾ, ਵਪਾਰ, ਪ੍ਰਵਾਸੀ ਤੇ ਸੁਰੱਖਿਆ ਦੇ ਆਪਣੇ ਨਿਯਮ ਲਾਗੂ ਕੀਤੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਹੁਣ ਜਦੋਂ ਬ੍ਰੈਗਜ਼ਿਟ ਖਤਮ ਹੋ ਗਿਆ ਹੈ ਤਾਂ ਬ੍ਰਿਟੇਨ ਦੇ ਹੱਥਾਂ ਵਿਚ ਆਜ਼ਾਦੀ ਆਈ ਹੈ।

ਇਸ ਦੇ ਨਾਲ ਹੀ ਚੀਜਾਂ ਨੂੰ ਹੋਰ ਬਿਹਤਰ ਕਰਨ ਦੀ ਸਮਰੱਥਾ ਵੀ। ਬ੍ਰੈਗਜ਼ਿਟ ਬਿੱਲ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਸ ਹੋਣ ਦੇ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਵੀ ਇਸ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਸ਼ਾਹੀ ਮਨਜ਼ੂਰੀ ਦੇ ਬਾਅਦ ਨਵੇਂ ਸਾਲ ਤੋਂ ਬ੍ਰਿਟੇਨ ਹੁਣ ਆਪਣਾ ਰਸਤਾ ਖੁਦ ਤੈਅ ਕਰੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਬ੍ਰਿਟੇਨ ਇਕ ਦੋਸਤ ਅਤੇ ਸਹਿਯੋਗੀ ਰਹੇਗਾ। ਬੀਤੇ 2 ਹਫਤਿਆਂ ਤੋਂ ਬ੍ਰਿਟੇਨ ਵਿਚ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਦੇਸ਼ ਆਉਣ ਵਾਲੀਆਂ ਤਬਦੀਲੀਆਂ ਲਈ ਤਿਆਰ ਹੋ ਸਕੇ ਭਾਵੇਂਕਿ ਅਜਿਹਾ ਖਦਸ਼ਾ ਹੈ ਕਿ ਛੋਟੇ ਕਾਰੋਬਾਰਾਂ ਵਾਲੇ ਇਸ ਸਥਿਤੀ ਲਈ ਤਿਆਰ ਨਹੀਂ ਹਨ।