ਹਾਂਗਕਾਂਗ (ਪਾਇਲ): ਹਾਂਗਕਾਂਗ ਵਿੱਚ ਵੈਂਗ ਫੁਕ ਕੋਰਟ ਨਾਮਕ ਇੱਕ ਉੱਚੀ ਰਿਹਾਇਸ਼ੀ ਕੰਪਲੈਕਸ ਵਿੱਚ ਬੁੱਧਵਾਰ ਨੂੰ ਲੱਗੀ ਭਿਆਨਕ ਅੱਗ ਹੁਣ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਾਈ ਰਾਈਜ਼ ਅੱਗ ਦੀ ਦੁਰਘਟਨਾ ਬਣ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ, ਜਦੋਂ ਕਿ 279 ਲੋਕ ਅਜੇ ਵੀ ਲਾਪਤਾ ਹਨ। ਚੀਨ ਦੀ ਸਰਕਾਰੀ ਏਜੰਸੀ ਸਿਨਹੂਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਂਗਕਾਂਗ ਪੁਲਿਸ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅੱਗ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੋਂ ਉਸਾਰੀ ਕੰਪਨੀ ਨਾਲ ਜੁੜੇ ਹੋਏ ਹਨ ਜਿਸ ਨੇ ਇਮਾਰਤ ਦੇ ਬਾਹਰਲੇ ਹਿੱਸੇ 'ਤੇ ਸੁਰੱਖਿਆ ਜਾਲ, ਵਾਟਰਪ੍ਰੂਫ਼ ਕੈਨਵਸ ਅਤੇ ਪਲਾਸਟਿਕ ਸ਼ੀਟਿੰਗ ਲਗਾਈ ਗਈ ਸੀ, ਜੋ ਸੰਭਵ ਹੈ ਕਿ ਅੱਗ ਸੁਰੱਖਿਆ ਮਾਪਦੰਡਾਂ ’ਤੇ ਖਰੀ ਨਹੀਂ ਉਤਰੀ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦੀ ਉਮਰ 52 ਤੋਂ 68 ਸਾਲ ਦਰਮਿਆਨ ਹੈ, ਜਿਨ੍ਹਾਂ ਵਿੱਚ ਦੋ ਡਾਇਰੈਕਟਰ ਅਤੇ ਇੱਕ ਪ੍ਰੋਜੈਕਟ ਸਲਾਹਕਾਰ ਵੀ ਸ਼ਾਮਲ ਹੈ। ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਘੋਰ ਅਣਗਹਿਲੀ ਕਾਰਨ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ। ਇਸ ਹਾਦਸੇ 'ਚ ਘੱਟੋ-ਘੱਟ 45 ਲੋਕ ਜ਼ਖਮੀ ਹੋਏ ਹਨ। ਇਮਾਰਤ ਵਿੱਚ ਧੂੰਆਂ ਭਰ ਗਿਆ ਅਤੇ ਅੱਗ ਤੇਜ਼ੀ ਨਾਲ ਫੈਲਣ ਕਾਰਨ ਬਹੁਤ ਸਾਰੇ ਨਿਵਾਸੀ ਬਾਹਰ ਨਹੀਂ ਨਿਕਲ ਸਕੇ। ਹਾਂਗਕਾਂਗ ਦੇ ਮੁੱਖ ਕਾਰਜਕਾਰੀ ਜੌਹਨ ਲੀ ਨੇ ਇਸ ਨੂੰ ਸ਼ਹਿਰ ਦੇ ਇਤਿਹਾਸ ਦੀ ਸਭ ਤੋਂ ਗੰਭੀਰ ਅੱਗ ਦੱਸਿਆ ਅਤੇ ਕਿਹਾ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕੇਂਦਰੀ ਅਧਿਕਾਰੀਆਂ ਨੂੰ ਅੱਗ ਬੁਝਾਉਣ, ਖੋਜ ਅਤੇ ਬਚਾਅ ਅਤੇ ਜ਼ਖਮੀਆਂ ਦੇ ਇਲਾਜ ਵਿਚ ਹਾਂਗਕਾਂਗ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਹਤ ਟੀਮਾਂ ਅਜੇ ਵੀ ਮਲਬੇ ਹੇਠ ਅਤੇ ਉਪਰਲੀਆਂ ਮੰਜ਼ਿਲਾਂ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 24 ਘੰਟੇ ਲਾਪਤਾ ਲੋਕਾਂ ਦੀ ਭਾਲ ਵਿਚ ਬਹੁਤ ਫੈਸਲਾਕੁੰਨ ਸਾਬਤ ਹੋਣਗੇ।



