ਸਰਕਾਰੀ ਗੋਦਾਮਾਂ ‘ਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 421 ਗੱਟੇ ਕਣਕ ਸਣੇ 9 ਕਾਬੂ

by nripost

ਸੰਗਰੂਰ (ਰਾਘਵ): ਗੋਦਾਮਾਂ ’ਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਨ ਵਾਲਾ ਗਿਰੋਹ ਦੇ 9 ਦੋਸ਼ੀ ਕਾਬੂ ਕਰ ਕੇ ਇਨ੍ਹਾਂ ਪਾਸੋਂ 421 ਗੱਟੇ ਕਣਕ ਅਤੇ ਟਰੱਕ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਦਿੜ੍ਹਬਾ ਅਤੇ ਸ਼ੇਰਪੁਰ ਦੇ ਇਲਾਕੇ ’ਚ ਪਿਛਲੇ ਦਿਨੀਂ ਕਣਕ ਦੇ ਗੱਟਿਆਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਚੋਰੀ ਕੀਤੀ ਕਣਕ ਅਤੇ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ 20 ਤੇ 21 ਮਈ ਦੀ ਦਰਮਿਆਨੀ ਰਾਤ ਨੂੰ 14-15 ਨਾ-ਮਾਲੂਮ ਕਥਿਤ ਦੋਸ਼ੀਆਂ ਵੱਲੋਂ ਪੈਨਸਪ ਦੇ ਗੋਦਾਮ ਕਾਤਰੋਂ ਰੋਡ ਸ਼ੇਰਪੁਰ ’ਚ ਦਾਖਲ ਹੋ ਕੇ ਉਥੇ ਮੌਜੂਦ ਚੌਕੀਦਾਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਬੰਨ੍ਹ ਦਿੱਤਾ ਅਤੇ ਗੋਦਾਮ ’ਚੋਂ 256 ਬੋਰੀਆਂ ਕਣਕ ਵ੍ਹੀਕਲ ’ਚ ਲੋਡ ਕਰ ਕੇ ਫਰਾਰ ਹੋ ਗਏ ਹਨ, ਜਿਸ ਸਬੰਧੀ ਬੀ.ਐੱਨ.ਐੱਸ. ਦੀਆਂ ਵੱਖ -ਵੱਖ ਧਾਰਾਵਾਂ ਤਹਿਤ ਮਾਲੂਮ ਦੋਸ਼ੀਆਂ ਦੇ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।

ਇਸੇ ਤਰ੍ਹਾਂ 3 ਤੇ 4 ਜੂਨ ਦੀ ਦਰਮਿਆਨੀ ਰਾਤ ਨੂੰ 10-15 ਨਾਮਾਲੂਮ ਦੋਸ਼ੀਆਨ ਵੱਲੋਂ ਪਨਗ੍ਰੇਨ ਦੇ ਗੋਦਾਮ ਦਿੜ੍ਹਬਾ ’ਚ ਦਾਖਲ ਹੋ ਕੇ 280 ਗੱਟੇ ਕਣਕ ਚੋਰੀ ਕੀਤੀ ਗਈ। ਜਿਸ ਸਬੰਧੀ ਮੁਕੱਦਮਾ ਨੰਬਰ 85 ਥਾਣਾ ਦਿੜ੍ਹਬਾ ਬਰਖਿਲਾਫ ਨਾ-ਮਾਲੂਮ ਦੋਸ਼ੀਆਂ ਦੇ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ। ਉਕਤ ਮੁਕੱਦਮੇ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਸ (ਇੰਸ.), ਦਲਜੀਤ ਸਿੰਘ ਵਿਰਕ, ਉਪ-ਕਪਤਾਨ ਪੁਲਿਸ (ਡਿਟੈਕਟਿਵ) ਦੀ ਸੁਪਰਵਿਜ਼ਨ ਅਧੀਨ ਇੰਸ. ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ, ਮੁੱਖ ਅਫਸਰ ਥਾਣਾ ਸ਼ੇਰਪੁਰ ਅਤੇ ਦਿੜ੍ਹਬਾ ਦੀ ਟੀਮਾਂ ਬਣਾ ਕੇ ਤਕਨੀਕੀ ਸਾਧਨਾ ਦੀ ਵਰਤੋਂ ਕਰਦੇ ਹੋਏ ਤਫਤੀਸ਼ ਅਮਲ ’ਚ ਲਿਆਂਦੀ ਗਈ।

ਗੁਪਤ ਜਾਣਕਾਰੀ ਦੇ ਆਧਾਰ ’ਤੇ ਜਗਦੀਸ਼ ਸਿੰਘ ਵਾਸੀ ਬਲਵਾੜ ਥਾਣਾ ਸਦਰ ਸੰਗਰੂਰ, ਗੋਰਾ ਸਿੰਘ ਵਾਸੀ ਸਾਰੋਂ ਥਾਣਾ ਸਦਰ ਸੰਗਰੂਰ, ਬੰਗਾ ਸਿੰਘ ਵਾਸੀ ਸਾਰੋਂ ਥਾਣਾ ਸਦਰ ਸੰਗਰੂਰ, ਸਿਕੰਦਰ ਸਿੰਘ ਵਾਸੀ ਪਿੰਡ ਅਲੀਸ਼ੇਰ ਥਾਣਾ ਜੋਗਾ ਹਾਲ ਵਾਸੀ ਪਿੰਡ ਸਜੂਮਾ ਥਾਣਾ ਭਵਾਨੀਗੜ੍ਹ, ਹਰਪ੍ਰੀਤ ਸਿੰਘ ਵਾਸੀ ਸਜੂਮਾ ਥਾਣਾ ਭਵਾਨੀਗੜ੍ਹ, ਸ਼ਗਨ ਸਿੰਘ ਵਾਸੀ ਸਜੂਮਾ ਥਾਣਾ ਭਵਾਨੀਗੜ੍ਹ, ਗੁਰਦੀਪ ਸਿੰਘ ਵਾਸੀ ਬੱਬਨਪੁਰ ਪੱਤੀ ਮਹਿਲਾ ਥਾਣਾ ਛਾਜਲੀ, ਗੁਰਪ੍ਰੀਤ ਸਿੰਘ ਵਾਸੀ ਰਾਮਦਾਸੀਆ ਪੱਤੀ ਮਹਿਲਾਂ ਥਾਣਾ ਛਾਜਲੀ ਅਤੇ ਕ੍ਰਿਸ਼ ਮਿੱਤਲ ਵਾਸੀ ਧੂਰੀ ਨੂੰ ਕਾਬੂ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ 421 ਗੱਟੇ ਕਣਕ ਵਜਨ 210 ਕੁਇੰਟਲ 50 ਕਿੱਲੋ ਸਮੇਤ ਟਰੱਕ ਨੰਬਰ ਪੀ.ਬੀ. 13-ਬੀ.ਆਰ-3159 ਬਰਾਮਦ ਕਰਵਾਇਆ। ਗ੍ਰਿਫਤਾਰ ਵਿਅਕਤੀਆਂ ਦੀ ਪੁੱਛ-ਗਿੱਛ ਜਾਰੀ ਹੈ। ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।