ਜਲੰਧਰ ਦੇ ਰਿਹਾਇਸ਼ੀ ਇਲਾਕੇ ‘ਚ ਇਕ ਵਾਰ ਫਿਰ ਲੀਕ ਹੋਈ ਗੈਸ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

by nripost

ਜਲੰਧਰ (ਰਾਘਵ): ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਹਿਰਾਇਸ਼ੀ ਇਲਾਕੇ ਵਿਚ ਬਰਫ਼ ਦੀ ਫੈਕਟਰੀ ਵਿਚੋਂ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਕਸੂਦਾਂ ਦੇ ਆਨੰਦ ਨਗਰ ਵਿਚ ਸਥਿਤ ਆਈਸ ਫੈਕਟਰੀ ਵਿਚ ਅਮੋਨੀਆ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਮਗਰੋਂ ਇਲਾਕੇ ਵਿਚ ਹੜਕੰਪ ਮਚ ਗਿਆ।

ਜਿਵੇਂ ਹੀ ਗੈਸ ਲੀਕ ਹੋਣ ਬਾਰੇ ਪਤਾ ਲੱਗਾ ਤਾਂ ਮੌਕੇ ਉਤੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਅਤੇ ਘਟਨਾ ਵਾਲੇ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਆਈਸ ਦੀ ਫੈਕਟਰੀ ਬਿਨਾਂ ਐੱਨ. ਓ. ਸੀ. ਤੋਂ ਚੱਲ ਰਹੀ ਸੀ। ਫਿਲਹਾਲ ਮੌਕੇ ਉਤੇ ਪ੍ਰਸ਼ਾਸਨ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਵੇਰਕਾ ਮਿਲਕ ਪਲਾਂਟ ਤੋਂ ਇਕ ਵਿਸ਼ੇਸ਼ ਟੀਮ ਨੂੰ ਵੀ ਬੁਲਾਇਆ ਹੈ, ਜਿਸ ਨੇ ਪਹੁੰਚਦੇ ਹੀ ਗੈਸ ਹਟਾਉਣੀ ਸ਼ੁਰੂ ਕਰ ਦਿੱਤੀ। ਐੱਸ. ਡੀ. ਐੱਮ. ਵੀ ਮੌਕੇ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਫੈਕਟਰੀ ਮਾਲਕ ਜਤਿਨ ਦਾ ਕਹਿਣਾ ਹੈ ਕਿ ਕੋਈ ਗੈਸ ਲੀਕ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਕਾਰਨ ਫੈਕਟਰੀ ਬੰਦ ਕਰ ਦਿੱਤੀ ਗਈ ਸੀ ਅਤੇ ਕੰਮ ਵੀ ਬੰਦ ਕਰ ਦਿੱਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਗੈਸ ਲੀਕ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।