ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੀਆਂ ਆਮ ਚੋਣਾਂ 21 ਅਕਤੂਬਰ ਦੀ ਬਜਾਏ ਕਿਸੇ ਹੋਰ ਦਿਨ ਕਰਵਾਏ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ। ਇਕ ਫ਼ੈਡਰਲ ਅਦਾਲਤ ਨੇ ਕੈਨੇਡਾ ਦੇ ਮੁੱਖ ਚੋਣ ਅਫ਼ਸਰ ਨੂੰ ਹਦਾਇਤ ਦਿਤੀ ਹੈ ਕਿ ਚੋਣਾਂ ਦੀ ਤਰੀਕ ਮੁੜ ਤੈਅ ਕਰਨ 'ਤੇ ਵਿਚਾਰ ਕੀਤਾ ਜਾਵੇ ਕਿਉਂÎਕ 21 ਅਕਤੂਬਰ ਨੂੰ ਯਹੂਦੀ ਭਾਈਚਾਰਾ ਆਪਣੇ ਪ੍ਰਮੁੱਖ ਤਿਉਹਾਰ ਕਾਰਨ ਛੁੱਟੀ ਮਨਾ ਰਿਹਾ ਹੋਵੇਗਾ।
ਫ਼ੈਡਰਲ ਅਦਾਲਤ ਦੀ ਜੱਜ ਐਨ ਮੈਰੀ ਮੈਕਡੌਨਲਡ ਨੇ ਕਿਹਾ ਕਿ ਕੈਨੇਡਾ ਦੀਆਂ ਆਮ ਚੋਣਾਂ ਲਈ ਤਰੀਕ ਤੈਅ ਕਰਦੇ ਸਮੇਂ ਮੁਲਕ ਵਿਚ ਵਸਦੇ ਹਰ ਭਾਈਚਾਰੇ ਦੇ ਸੰਵਿਧਾਨਕ ਹੱਕਾਂ ਉਪਰ ਗੌਰ ਨਹੀਂ ਕੀਤੀ ਗਈ ਜਿਸ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੂ ਨੂੰ ਚੋਣ ਤਰੀਕ ਵਿਚ ਤਬਦੀਲੀ ਕਰਨੀ ਚਾਹੀਦੀ ਹੈ।
ਮੁੱਖ ਚੋਣ ਅਫ਼ਸਰ ਕੋਲ ਫ਼ੈਡਰਲ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਜਾਂ ਇਸ ਦੀ ਪਾਲਣਾ ਕਰਦਿਆਂ ਨਵੇਂ ਸਿਰੇ ਤੋਂ ਚੋਣ ਤਰੀਕ ਤੈਅ ਕਰਨ ਬਾਰੇ ਫ਼ੈਡਰਲ ਸਰਕਾਰ ਨੂੰ ਸਿਫ਼ਾਰਸ਼ ਵਾਸਤੇ ਪਹਿਲੀ ਅਗਸਤ ਤੱਕ ਦਾ ਸਮਾਂ ਹੈ।



