ਜਨਰਲ ਐੱਮਐੱਮ ਨਰਵਾਣੇ ਨੇ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

by jaskamal

ਨਿਊਜ਼ ਡੈਸਕ (ਜਸਕਮਲ) : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਦੁਖਦਾਈ ਮੌਤ ਨਾਲ ਖਾਲੀ ਹੋਏ ਅਹੁਦੇ ਨੂੰ ਭਰਨ ਲਈ ਸਟਾਪ-ਗੈਪ ਪ੍ਰਬੰਧ ਵਜੋਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਬੁੱਧਵਾਰ ਨੂੰ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ।

ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਜ਼ਿਲ੍ਹੇ 'ਚ ਭਾਰਤੀ ਹਵਾਈ ਸੈਨਾ ਦੇ ਐੱਮਆਈ-17 ਵੀ5 ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ, ਉਨ੍ਹਾਂ ਦੀ ਪਤਨੀ ਤੇ 11 ਹਥਿਆਰਬੰਦ ਬਲਾਂ ਦੇ ਜਵਾਨ ਵੀ ਵੀਰਗਤੀ ਨੂੰ ਪ੍ਰਾਪਤ ਹੋ ਗਏ ਸਨ। ਘਟਨਾ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਜਨਰਲ ਨਰਵਾਣੇ ਨੂੰ ਕਮੇਟੀ ਦੇ ਚੇਅਰਮੈਨ ਵਜੋਂ ਚਾਰਜ ਦਿੱਤਾ ਗਿਆ ਹੈ ਕਿਉਂਕਿ ਉਹ ਤਿੰਨ ਸੇਵਾ ਮੁਖੀਆਂ 'ਚੋਂ ਸਭ ਤੋਂ ਸੀਨੀਅਰ ਹਨ।

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਤੇ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ 30 ਸਤੰਬਰ ਤੇ 30 ਨਵੰਬਰ ਨੂੰ ਆਪੋ-ਆਪਣੇ ਅਹੁਦੇ ਸੰਭਾਲ ਲਏ ਸਨ। ਚੀਫ਼ਸ ਆਫ਼ ਸਟਾਫ਼ ਕਮੇਟੀ (ਸੀਓਐੱਸਸੀ) ਨੇ ਮੰਗਲਵਾਰ ਨੂੰ ਮੁਲਾਕਾਤ ਕੀਤੀ ਤੇ ਜਨਰਲ ਰਾਵਤ ਤੇ ਹੋਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ, ਜੋ ਕੁਨੂਰ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਸਨ। ਗਰੁੱਪ ਕੈਪਟਨ ਵਰੁਣ ਸਿੰਘ, ਜੋ ਕਿ ਹਾਦਸੇ ਦਾ ਇਕੱਲਾ ਬਚਿਆ ਸੀ, ਨੇ ਬੁੱਧਵਾਰ ਨੂੰ ਬੇਂਗਲੁਰੂ ਦੇ ਇਕ ਮਿਲਟਰੀ ਹਸਪਤਾਲ 'ਚ ਦਮ ਤੋੜ ਦਿੱਤਾ।