ਨਵੀਂ ਦਿੱਲੀ (ਪਾਇਲ): ਦਿੱਲੀ 'ਚ 30 ਸਾਲ ਬਾਅਦ ਡਬਲ ਡੈਕਰ ਬੱਸਾਂ ਦੀ ਵਾਪਸੀ ਦਾ ਐਲਾਨ ਕੀਤਾ ਗਿਆ ਹੈ। ਹੁਣ ਇਹ ਬੱਸਾਂ ਨਾ ਸਿਰਫ਼ ਸਫ਼ਰ ਦਾ ਸਾਧਨ ਬਣਨਗੀਆਂ ਸਗੋਂ ਰਾਜਧਾਨੀ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਬਣਨਗੀਆਂ। ਨਵੀਆਂ ਡਬਲ ਡੇਕਰ ਬੱਸਾਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਹਨ। ਇਹ ਅਸ਼ੋਕ ਲੇਲੈਂਡ ਦੁਆਰਾ ਆਪਣੀ ਸੀਐਸਆਰ ਪਹਿਲਕਦਮੀ ਦੇ ਤਹਿਤ ਬਣਾਏ ਗਏ ਹਨ। ਬੱਸ ਵਿੱਚ 60 ਤੋਂ ਵੱਧ ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੈ ਅਤੇ ਇਸਦੀ ਉਚਾਈ 4.75 ਮੀਟਰ ਹੈ। ਬਾਹਰੀ ਹਿੱਸੇ 'ਤੇ ਦਿੱਲੀ ਦੇ ਪ੍ਰਮੁੱਖ ਸਥਾਨਾਂ ਦੀਆਂ ਸੁੰਦਰ ਤਸਵੀਰਾਂ ਬਣਾਈਆਂ ਗਈਆਂ ਹਨ।
ਦੱਸ ਦਇਏ ਕਿ ਨਵੀਂ ਬੱਸ ਯਾਤਰੀਆਂ ਨੂੰ ਦਿੱਲੀ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ 'ਤੇ ਲੈ ਕੇ ਜਾਵੇਗੀ। ਇਸ ਦੀ ਯਾਤਰਾ ਪ੍ਰਧਾਨ ਮੰਤਰੀ ਅਜਾਇਬ ਘਰ ਤੋਂ ਸ਼ੁਰੂ ਹੋਵੇਗੀ ਅਤੇ ਭਾਰਤ ਮੰਡਪਮ, ਰਾਸ਼ਟਰੀ ਯੁੱਧ ਸਮਾਰਕ, ਨਿਊ ਪਾਰਲੀਮੈਂਟ ਹਾਊਸ, ਦਿਲੀ ਹਾਟ ਵਰਗੇ ਮਹੱਤਵਪੂਰਨ ਸਥਾਨਾਂ ਤੱਕ ਜਾਰੀ ਰਹੇਗੀ। ਬੱਸ ਵਿੱਚ ਇੱਕ ਗਾਈਡ ਵੀ ਮੌਜੂਦ ਹੋਵੇਗਾ ਜੋ ਹਰ ਇਮਾਰਤ ਅਤੇ ਸਾਈਟ ਨਾਲ ਸਬੰਧਤ ਦਿਲਚਸਪ ਜਾਣਕਾਰੀ ਦੱਸੇਗਾ।
ਡਬਲ ਡੈਕਰ ਬੱਸਾਂ ਕਦੇ 'ਸੁਵਿਧਾ ਬੱਸ' ਦੇ ਨਾਂ ਨਾਲ ਦਿੱਲੀ ਦੀ ਪਛਾਣ ਸਨ। 1970 ਤੋਂ 1989 ਤੱਕ, ਇਹ ਲਾਲ ਡਬਲ-ਡੈਕਰ ਬੱਸਾਂ ਬੱਚਿਆਂ ਅਤੇ ਬਾਲਗਾਂ ਦੇ ਰੋਮਾਂਚ ਅਤੇ ਯਾਤਰਾ ਦਾ ਇੱਕ ਹਿੱਸਾ ਸਨ। ਉਪਰਲੇ ਡੇਕ ਰਾਹੀਂ ਸਫ਼ਰ ਕਰਨ ਦਾ ਤਜਰਬਾ ਵਿਸ਼ੇਸ਼ ਤੌਰ 'ਤੇ ਯਾਦਗਾਰ ਮੰਨਿਆ ਜਾਂਦਾ ਸੀ। ਸਮੇਂ ਦੇ ਨਾਲ ਇਨ੍ਹਾਂ ਬੱਸਾਂ ਦੀ ਸਾਂਭ-ਸੰਭਾਲ ਮਹਿੰਗੀ ਅਤੇ ਔਖੀ ਹੋ ਗਈ, ਜਿਸ ਕਾਰਨ ਇਹ ਹੌਲੀ-ਹੌਲੀ ਸ਼ਹਿਰ ਦੀਆਂ ਸੜਕਾਂ ਤੋਂ ਗਾਇਬ ਹੋ ਗਈਆਂ।
ਹੁਣ ਨਵੀਆਂ ਡਬਲ ਡੈਕਰ ਬੱਸਾਂ ਦੇ ਆਉਣ ਨਾਲ ਰਾਜਧਾਨੀ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਲੋਕ ਆਧੁਨਿਕ, ਸੁਰੱਖਿਅਤ ਅਤੇ ਦਿਲਚਸਪ ਅਨੁਭਵ ਦੇ ਨਾਲ ਦਿੱਲੀ ਦਰਸ਼ਨ ਦਾ ਆਨੰਦ ਲੈ ਸਕਣਗੇ। ਕਿਰਾਇਆ ਬਾਲਗਾਂ ਲਈ 500 ਰੁਪਏ ਅਤੇ 6 ਤੋਂ 12 ਸਾਲ ਦੇ ਬੱਚਿਆਂ ਲਈ 300 ਰੁਪਏ ਰੱਖਿਆ ਗਿਆ ਹੈ।



