ਗੂਗਲ ਦੀ ਆਸਟ੍ਰੇਲੀਆ ਨੂੰ ਸਰਚ ਇੰਜਣ ਬਲਾਕ ਕਰਨ ਦੀ ਧਮਕੀ

by vikramsehajpal

ਸਿਡਨੀ (ਦੇਵ ਇੰਦਰਜੀਤ)- ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਨੇ ਆਸਟ੍ਰੇਲੀਆ 'ਚ ਨਵੇਂ ਕਾਨੂੰਨ ਦੇ ਮਸਲੇ 'ਤੇ ਉੱਥੇ ਆਪਣਾ ਸਰਚ ਇੰਜਣ ਬਲਾਕ ਕਰਨ ਦੀ ਧਮਕੀ ਦਿੱਤੀ ਹੈ। ਗੂਗਲ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਨਿਊਜ਼ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ 'ਚ ਆਪਣੇ ਸਰਚ ਇੰਜਣ ਦੇ ਇਸਤੇਮਾਲ ਨੂੰ ਰੋਕ ਦੇਵੇਗਾ। ਉਸ ਨੇ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਉਹ ਨਵੇਂ ਤਜਵੀਜ਼ਸ਼ੁਦਾ ਕਾਨੂੰਨ 'ਚ ਬਦਲਾਅ ਕਰੇ ਨਹੀਂ ਤਾਂ ਉਹ ਦੇਸ਼ ਦੇ ਯੂਜ਼ਰਜ਼ ਲਈ ਸਰਚ ਇੰਜਣ ਦੇ ਇਸਤੇਮਾਲ 'ਤੇ ਰੋਕ ਲਗਾਉਣ ਲਈ ਮਜਬੂਰ ਹੋ ਜਾਵੇਗਾ।

ਓਧਰ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰਿਸਨ, ਜਿਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੀ ਮੀਡੀਆ ਸੰਗਠਨਾਂ ਵੱਲੋਂ ਅਮਰੀਕੀ ਤਕਨੀਕੀ ਫਰਮਾਂ 'ਤੇ ਨਕੇਲ ਕੱਸਣ ਦੀ ਮੰਗ ਕੀਤੀ ਹੈ, ਉਨ੍ਹਾਂ ਨੇ ਇਸ ਸਬੰਧੀ ਜਵਾਬ ਦਿੱਤਾ ਹੈ। ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ 'ਚ ਜੋ ਚੀਜ਼ਾਂ ਤੁਸੀਂ ਕਰ ਸਕਦੇ ਹੋ, ਉਨ੍ਹਾਂ ਲਈ ਆਸਟ੍ਰੇਲੀਆ ਆਪਣੇ ਨਿਯਮ ਬਣਾਉਂਦਾ ਹੈ। ਸਾਡੀ ਸੰਸਦ 'ਚ ਅਜਿਹਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਲੋਕ ਆਸਟ੍ਰੇਲੀਆ 'ਚ ਉਸ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ, ਤੁਹਾਡਾ ਬਹੁਤ ਸਵਾਗਤ ਹੈ, ਪਰ ਅਸੀਂ ਧਮਕੀਆਂ ਦਾ ਜਵਾਬ ਨਹੀਂ ਦਿੰਦੇ ਹਾਂ।