ਕਰਜ਼ ‘ਚ ਡੁੱਬੀ Air India, 100% ਹਿੱਸੇਦਾਰੀ ਵੇਚ ਸਕਦੀ ਹੈ ਸਰਕਾਰ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੇਂਦਰ ਸਰਕਾਰ ਕਰਜ਼ 'ਚ ਡੁੱਬੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੇ ਲਈ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਰਕਾਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਜਲਦ ਹੀ ਮੰਤਰੀਆਂ ਦਾ ਇੱਕ ਪੈਨਲ ਇਸ ਮਾਮਲੇ 'ਤੇ ਅੰਤਿਮ ਫ਼ੈਸਲਾ ਕਰ ਸਕਦਾ ਹੈ। ਏਅਰਲਾਈਨ ਕੰਪਨੀ ਨੂੰ ਪਿਛਲੇ ਸਾਲ ਵੇਚਣ ਦੀ ਅਸਫ਼ਲਤਾ ਤੋਂ ਬਾਅਦ ਸਰਕਾਰ ਫਿਰ ਤੋਂ ਇਸ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਅਸਥਿਰਤਾ ਕਾਰਨ ਸਰਕਾਰ ਨੇ ਪਿਛਲੇ ਸਾਲ ਇਸ ਦੀ ਵਿਕਰੀ ਨੂੰ ਰੋਕ ਦਿੱਤਾ ਸੀ। 

ਨੀਤੀ ਆਯੋਗ ਨੇ ਕੰਪਨੀ ਦੀ ਪੂਰੀ ਹਿੱਸੇਦਾਰੀ ਨੂੰ ਵੇਚਣ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਸਰਕਾਰ ਨੇ 74 ਫ਼ੀਸਦੀ ਹਿੱਸੇ ਨੂੰ ਇੱਕ ਰਣਨੀਤਕ ਨਿਵੇਸ਼ਕ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸ ਦੇ ਨਾ ਵਿਕਣ ਦਾ ਵੱਡਾ ਕਾਰਣ ਬਣਿਆ ਸੀ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੂੰ ਵੇਚਣ ਦੀ ਗੱਲ ਮੁੜ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਏਵਿਏਸ਼ਨ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਦੀ ਉਪਰਲੀ ਸੀਮਾ ਦੀ ਸਮੀਖਿਆ ਕਰਨ ਦੀ ਘੋਸ਼ਣਾ ਕੀਤੀ ਸੀ, ਜੋ ਵਰਤਮਾਨ ਵਿੱਚ 49 ਫ਼ੀਸਦੀ ਹੈ।