1.5 ਕਰੋੜ ਰੁਪੈ ਦੀ ਲਾਗਤ ਨਾਲ ਬਣੇਗਾ ਮਾਨਸਾ ਦੇ ਫੱਤਾ ਮਾਲੋਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ

by vikramsehajpal

ਝੁਨੀਰ (ਬਲਜਿਦੰਰ ਸਿੰਘ) - ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਹੁਣ ਧਾਰਮਿਕ ਸੰਸਥਾਵਾਂ ਵੀ ਵੱਡੀਆਂ ਪਹਿਲ ਕਦਮੀਂਆ ਕਰਨ ਲੱਗੀਆਂ ਹਨ,ਅਜਿਹੀ ਹੀ ਉਸਾਰੂ ਪਹਿਲ ਕਦਮੀਂ ਮਾਨਸਾ ਜ਼ਿਲ੍ਹੇ ਚ ਹੋਈ ਹੈ,ਜਦੋ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਵਿੱਦਿਆ ਸਾਗਰ ਫੱਤਾ ਮਾਲੋਕਾ ਵੱਲ੍ਹੋਂ ਪੰਚਾਇਤ ਜ਼ਮੀਨ 'ਤੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਅਤਿ ਆਧੁਨਿਕ ਸਹੂਲਤਾਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ।

ਬੇਸ਼ੱਕ ਪੰਜਾਬ ਸਰਕਾਰ ਵੱਲ੍ਹੋਂ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵੱਡੀ ਪੱਧਰ ਤੇ ਗਰਾਂਟਾਂ ਦਿੱਤੀਆਂ ਹਨ ਅਤੇ ਪੰਜਾਬ ਭਰ ਦੇ ਸਿਰੜੀ ਅਧਿਆਪਕਾਂ ਨੇ ਵੀ ਵੱਡੇ ਫੰਡ ਦਾਨੀ ਸੱਜਣਾਂ ਤੋ ਲੈ ਕੇ ਨਾ ਸਿਰਫ ਸਰਕਾਰੀ ਸਕੂਲਾਂ ਦੀ ਚਮਕ ਦਮਕ ਪੱਖੋਂ ਸਗੋਂ ਕਰੋਨਾ ਦੇ ਔਖੇ ਸਮੇਂ ਦੌਰਾਨ ਵੀ ਆਨਲਾਈਨ ਸਿੱਖਿਆ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਦਿਆਂ ਸਕੂਲਾਂ ਚ ਪੜ੍ਹਾਈ ਦੇ ਮਿਆਰ ਨੂੰ ਕਾਇਮ ਰੱਖਿਆ ਹੈ,ਜਿਸ ਕਾਰਨ ਮਾਪਿਆਂ ਦਾ ਸਰਕਾਰੀ ਸਕੂਲਾਂ 'ਤੇ ਭਰੋਸਾ ਹੈ,ਜਿਸ ਕਾਰਨ ਰਿਕਾਰਡ ਤੋੜ ਨਵੇਂ ਦਾਖਲਿਆਂ ਚ ਵਾਧਾ ਹੋਇਆ ਹੈ।

ਪਰ ਦੂਜੇ ਪਾਸੇ ਧਾਰਮਿਕ ਸੰਸਥਾਵਾਂ ਵੱਲ੍ਹੋਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਅੱਗੇ ਆਉਣਾ ਇਥੇ ਪੜ੍ਹ ਰਹੇ ਲੋੜਵੰਦ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਵੱਡੀ ਆਸ ਹੈ। ਪਿੰਡ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦੇ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਵਿੱਦਿਆ ਸਾਗਰ ਫੱਤਾ ਮਾਲੋਕਾ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਫੱਤਾ ਮਾਲੋਕਾ ਦੇ ਸੈਂਟਰ ਹੈੱਡ ਟੀਚਰ ਹਰਬੰਤ ਸਿੰਘ ਨਾਲ ਸਕੂਲ ਜਾ ਕੇ ਗੱਲ ਕੀਤੀ ਕਿ ਹਰਵੰਤ ਸਿੰਹਾਂ ਸਕੂਲ ਦੀ ਜਗ੍ਹਾ ਘੱਟ ਐ, ਤੁਸੀਂ ਕਿਤੇ ਖੁੱਲ੍ਹੀ ਥਾਂ ਦੇਖੋ ਅਸੀਂ ਤੁਹਾਨੂੰ ਸਕੂਲ ਬਣਾ ਕੇ ਦੇਵਾਂਗੇ। ਇੰਨਾ ਕਹਿ ਕੇ ਬਾਬਾ ਜੀ ਚਲੇ ਗਏ ਪਰ ਜਦੋਂ ਕੁਝ ਕਰਨ ਦਾ ਨਿਸ਼ਚਾ ਕਰ ਲਿਆ ਹੋਵੇ ਤਾਂ ਨੀਂਦ ਕਿੱਥੇ ਆਉਂਦੀ ਐ।

ਬਾਬਾ ਜੀ ਨੇ ਅਗਲੇ ਦਿਨ ਹੀ ਪਿੰਡ ਦੇ ਪੜ੍ਹੇ ਲਿਖੇ ਸਰਪੰਚ ਗੁਰਸੇਵਕ ਸਿੰਘ ਐਡਵੋਕੇਟ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਆਪਾਂ ਪਿੰਡ ਨੂੰ ਇਕ ਵਧੀਆ ਉੱਚ ਪਾਏ ਦਾ ਸਕੂਲ ਬਣਾ ਕੇ ਦੇਣਾ ਹੈ। ਜਿਸ ਲਈ ਜਗ੍ਹਾ ਚਾਹੀਦੀ। ਸਰਪੰਚ ਸਾਹਿਬ ਨੇ ਤੁਰੰਤ ਹੀ ਪੰਚਾਇਤ ਮੈਂਬਰਾਂ ਨਾਲ ਸਲਾਹ ਕੀਤੀ ਤੇ ਪਿੰਡ ਦੇ ਵਿੱਚ ਇੱਕ ਬੱਤੀ ਕਨਾਲਾਂ ਦਾ ਛੱਪੜ ਪਿਆ ਸੀ ਜੋ ਕਿ ਵੀਰਾਨ ਸੀ ਉਸ ਦਾ ਅਗਲੇ ਦਿਨ ਹੀ ਮਤਾ ਪਾ ਕੇ ਦੇ ਦਿੱਤਾ, ਜੋ ਕਿ ਲਗਪਗ ਚਾਰ ਕਿੱਲੇ ਸਕੂਲ ਲਈ ਦੇ ਦਿੱਤੇ। ਇਸ ਤਰ੍ਹਾਂ ਪੰਚਾਇਤ ਨੇ ਵੀ ਆਪਣਾ ਵੱਡਾ ਹਿੱਸਾ ਪਾਇਆ। ਸਕੂਲ ਮੁਖੀ ਨੇ ਸਮਾਰਟ ਸਕੂਲ ਟੀਮ ਜਗਜੀਤ ਵਾਲੀਆ ਅਤੇ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਸਮਾਰਟ ਸਕੂਲ ਟੀਮ ਦੁਆਰਾ ਬਾਬਾ ਜੀ ਅਤੇ ਪਿੰਡ ਦੀ ਪੰਚਾਇਤ ਨਾਲ ਮੀਟਿੰਗ ਕਰਕੇ ਨਮੂਨੇ ਦੇ ਸਕੂਲ ਦਿਖਾਏ ਗਏ ਅਤੇ ਸੰਪੂਰਨ ਕਸਵੱਟੀ ਤੇ ਉਤਰਨ ਵਾਲੇ ਨਮੂਨੇ ਤੇ ਸਹਿਮਤੀ ਪ੍ਰਗਟਾਈ ਗਈ ।

ਬਸ ਫਿਰ ਕੀ ਸੀ ਬਾਬਾ ਜੀ ਦੀ ਕਿਰਪਾ ਨਾਲ ਪੱਚੀ ਤੀਹ ਫੁੱਟ ਡੂੰਘਾ ਛੱਪੜ ਇਕ ਸਮਤਲ ਮੈਦਾਨ ਦੇ ਰੂਪ ਵਿੱਚ ਬਦਲ ਗਿਆ। ਬਾਬਾ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਬਾਬਾ ਅਮਰ ਸਿੰਘ ਕਿਰਤੀ ਗੁਰਦੁਆਰਾ ਵਿੱਦਿਆ ਸਾਗਰ ਫੱਤਾ ਮਾਲੂਕਾ ਵੱਲੋਂ ਲਗਪਗ ਡੇਢ ਕਰੋੜ ਰੁਪਿਆ ਖਰਚ ਕਰਕੇ ਇਲਾਕੇ ਲਈ ਵਿੱਦਿਆ ਦਾ ਮੁਜੱਸਮਾ ਤਿਆਰ ਕੀਤਾ ਜਾਵੇਗਾ ਜੋ ਕਿ ਇਲਾਕੇ ਦੀ ਸ਼ਾਨ ਬਣੇਂਗਾ ਤੇ ਜਦੋਂ ਧਾਰਮਿਕ ਸੰਸਥਾਵਾਂ ਮੋਹਰੀ ਰੋਲ ਅਦਾ ਕਰਨ ਲੱਗ ਪੈਣ ਤੇ ਪੰਚਾਇਤਾਂ ਸਾਥ ਦੇਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਪਿੰਡ ਵਿੱਚੋਂ ਅਜਿਹੀਆਂ ਉਦਾਹਰਨਾਂ ਪ੍ਰਾਪਤ ਹੋਣਗੀਆਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਾਬਾ ਅਮਰ ਸਿਘ ਕਿਰਤੀ ਗੁਰਦੁਆਰਾ ਵਿੱਦਿਅਕ ਸੰਸਥਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਸਰਪੰਚ ਗੁਰਸੇਵਕ ਸਿੰਘ ਐਡਵੋਕੇਟ ਅਤੇ ਹੋਰਨਾਂ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਜੀਵ ਕੁਮਾਰ ਗੋਇਲ, ਡਿਪਟੀ ਡੀਈਓ ਗੁਰਲਾਭ ਸਿੰਘ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਪਿੰਡ ਫੱਤਾ ਮਾਲੋਕਾ ਵਿਖੇ ਜਾ ਕੇ ਫੱਤਾ ਮਾਲੋਕਾ ਦੇ ਗੁਰੂਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ,ਸਰਪੰਚ ਗੁਰਸੇਵਕ ਸਿੰਘ ਐਡਵੋਕੇਟ ਅਤੇ ਹੋਰਨਾਂ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਗੁਰਪਾਲ ਸਿੰਘ ਚਹਿਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ,ਜੋ ਖੁਦ ਹਲਕੇ ਦੇ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਦਿਨ ਰਾਤ ਇਕ ਕਰ ਰਹੇ ਨੇ।