ਰਾਜਪਾਲ ਗੁਲਾਬ ਚੰਦ ਕਟਾਰੀਆ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

by nripost

ਸ੍ਰੀ ਆਨੰਦਪੁਰ ਸਾਹਿਬ (ਨੇਹਾ): ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਤੋਂ ਸ਼ੁਰੂ ਹੋਈ ਧਰਮ ਬਚਾਓ ਯਾਤਰਾ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਗੁਰੂ ਸਾਹਿਬ ਦੀ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਗਈ ਅਦੁਤੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ ਮਿਲਦੀ ਜਿੱਥੇ ਕਿਸੇ ਹੋਰ ਧਰਮ ਦੀ ਰਾਖੀ ਲਈ ਕਿਸੇ ਮਹਾਂਪੁਰਸ਼ ਨੇ ਕੁਰਬਾਨੀ ਦਿੱਤੀ ਹੋਵੇ।

ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 11 ਜੁਲਾਈ 1675 ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਦੇਣ ਲਈ ਰਵਾਨਾ ਹੋਏ ਸਨ। ਉਸੇ ਇਤਿਹਾਸਕ ਦਿਹਾੜੇ ਨੂੰ ਯਾਦ ਕਰਦਿਆਂ ਅੱਜ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ, ਭਾਈ ਮਨਜੀਤ ਸਿੰਘ ਸ੍ਰੀ ਗੰਗਾ ਨਰਸਰੀ ਜ਼ੀਰਕਪੁਰ ਵਾਲਿਆਂ ਵੱਲੋ ਸਾਂਝੇ ਤੌਰ ’ਤੇ ਅੱਜ ਧਰਮ ਬਚਾਓ ਯਾਤਰਾ ਦਾ ਆਯੋਜਨ ਕੀਤਾ ਗਿਆ। ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕਾ ਤਾਲ ਆਗਰਾ ਵਿਖੇ ਪੁੱਜੇਗੀ ਤੇ ਉਪਰੰਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਪੁੱਜ ਕੇ 14 ਜੁਲਾਈ ਨੂੰ ਸਮਾਪਤ ਹੋਵੇਗੀ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਅੰਦਰ ਹੋ ਰਹੇ ਧਰਮ ਪਰਿਵਰਤਨ ’ਤੇ ਗਹਿਰੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਇਸ ਮੁਕੱਦਸ ਧਰਤੀ ’ਤੇ ਕੁਝ ਲੋਕ ਛੋਟੇ ਲਾਲਚਾਂ ਕਰਕੇ ਧਰਮ ਪਰਿਵਰਤਨ ਕਰ ਰਹੇ ਹਨ ਜੋ ਮੰਦਭਾਗਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕੇ ਦੁਨੀਆਂ ਅੰਦਰ ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ ਜੋ ਨਿੰਦਨਯੋਗ ਹੈ। ਪੰਜਾਬ ਅੰਦਰ ਵੱਧ ਰਹੇ ਗੈਂਗਸਟਰਵਾਦ ਬਾਰੇ ਰਾਜਪਾਲ ਨੇ ਕਿਹਾ ਕਿ ਇਸ ਮੁੱਦੇ ’ਤੇ ਪੰਜਾਬ ਦੇ ਹਰ ਨਾਗਰਿਕ ਨੂੰ ਚਿੰਤਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਸਾਂਝੇ ਯਤਨਾਂ ਨਾਲ ਹੋ ਸਕਦਾ ਹੈ।

ਉਪਰੰਤ ਰਾਜਪਾਲ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸਾਬਕਾ ਪੁਲੀਸ ਅਧਿਕਾਰੀ ਰਣਬੀਰ ਸਿੰਘ ਖੱਟੜਾ, ਸੰਤ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਭਾਜਪਾ ਦੇ ਸੂਬਾਈ ਵਾਈਸ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਪਰਮਿੰਦਰ ਸ਼ਰਮਾ, ਮੁਕੇਸ਼ ਨੱਢਾ ਤੇ ਰਤਨ ਧਨੇੜਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।

More News

NRI Post
..
NRI Post
..
NRI Post
..