ਨਾਗਾਲੈਂਡ ’ਚ ਨਾਗਰਿਕਾਂ ਦੀ ਮੌਤ ’ਤੇ ਸਰਕਾਰ ਨੂੰ ਡੂੰਘਾ ਅਫ਼ਸੋਸ, ਹੋਵੇਗੀ ਉੱਚ ਪੱਧਰੀ ਜਾਂਚ : ਸ਼ਾਹ

by jaskamal

ਨਿਊਜ਼ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ 'ਚ ਫ਼ੌਜ ਵੱਲੋਂ ਕੀਤੀ ਫਾਇਰਿੰਗ ਦੀ ਘਟਨਾ ’ਤੇ ਅੱਜ ਲੋਕ ਸਭਾ ’ਚ ਅਫ਼ਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਗਲਤ ਪਛਾਣ ਕਾਰਨ ਹੋਈ ਗੋਲੀਬਾਰੀ ਤੇ ਮਗਰੋਂ ਹੋਈ ਹਿੰਸਾ ’ਚ 14 ਆਮ ਨਾਗਰਿਕ ਮਾਰੇ ਗਏ ਸਨ। ਇਕ ਸੈਨਿਕ ਦੀ ਵੀ ਮੌਤ ਹੋ ਗਈ ਸੀ। ਸ਼ਾਹ ਨੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਇਸ ਮਾਮਲੇ ਦੀ ਜਾਂਚ ਇਕ ਮਹੀਨੇ ’ਚ ਮੁਕੰਮਲ ਕਰੇਗੀ ਤੇ ਸਾਰੀਆਂ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਦੌਰਾਨ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਲੋਕ ਸਭਾ ਵਿਚ ਬਿਆਨ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

Mon: Coffins of the 13 people who were allegedly killed by Armed Forces, during their funeral in Mon district, Monday, Dec. 6, 2021. (PTI Photo)(PTI12_06_2021_000219B)

ਗ੍ਰਹਿ ਮੰਤਰੀ ਨੇ ਕਿਹਾ ‘ਭਾਰਤ ਸਰਕਾਰ ਨੂੰ ਨਾਗਾਲੈਂਡ ਵਿਚ ਵਾਪਰੀ ਮੰਦਭਾਗੀ ਘਟਨਾ ’ਤੇ ਗਹਿਰਾ ਅਫ਼ਸੋਸ ਹੈ ਤੇ ਜਿਨ੍ਹਾਂ ਦੀ ਜਾਨ ਗਈ ਹੈ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।’ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਵਾਪਰੀ ਘਟਨਾ ’ਚ 11 ਜਣੇ ਜ਼ਖ਼ਮੀ ਵੀ ਹੋਏ ਸਨ। ਸ਼ਾਹ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆ ਕਿਹਾ ਕਿ ਫ਼ੌਜ ਨੂੰ ਅਤਿਵਾਦੀਆਂ ਦੀ ਇਲਾਕੇ ਵਿਚ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਕਾਰਵਾਈ ਕਰਦਿਆਂ ਫ਼ੌਜ ਦੀ ‘21 ਪੈਰਾ ਕਮਾਂਡੋ’ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਸੀ। ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਤੇਜ਼ ਹੋ ਗਿਆ ਤੇ ਨਹੀਂ ਰੁਕਿਆ। ਵਾਹਨ ਵਿਚ ਅੱਤਵਾਦੀਆਂ ਦੇ ਹੋਣ ਦੇ ਸ਼ੱਕ ’ਚ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ। ਗੱਡੀ ਵਿਚ ਸਵਾਰ 8 ਜਣਿਆਂ ਵਿਚੋਂ ਛੇ ਜਣੇ ਮੌਕੇ ਉਤੇ ਹੀ ਮਾਰੇ ਗਏ।

ਬਾਅਦ ਵਿਚ ਇਹ ਮਾਮਲਾ ‘ਗਲਤ ਪਛਾਣ ਕਰਨ ਦਾ ਨਿਕਲਿਆ।’ ਫ਼ੌਜ ਨੇ ਦੋ ਜ਼ਖ਼ਮੀ ਨਾਗਰਿਕ ਨੂੰ ਮਗਰੋਂ ਹਸਪਤਾਲ ਦਾਖਲ ਕਰਾਇਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਜਦ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਕੇ ਹੱਲਾ ਬੋਲ ਦਿੱਤਾ। ਸ਼ਾਹ ਨੇ ਕਿਹਾ ਕਿ ਫ਼ੌਜ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਰਹੀ ਹੈ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਵਧੀਕ ਸਕੱਤਰ (ਇੰਚਾਰਜ ਉੱਤਰ-ਪੂਰਬ) ਨੂੰ ਕੋਹਿਮਾ ਭੇਜਿਆ ਹੈ ਜਿੱਥੇ ਉਹ ਮੁੱਖ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਰ ਰਹੇ ਹਨ। ਆਮ ਵਾਂਗ ਸਥਿਤੀ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।