
ਲੁਧਿਆਣਾ (ਰਾਘਵ) : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਲਗਾਤਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਅੱਤ ਦੀ ਗਰਮੀ ਕਾਰਣ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ, ਉਥੇ ਹੀ ਡਰਾਈਵਿੰਗ ਲਾਇਸੈਂਸ ਬਨਾਉਣ ਵਿਚ ਹੋ ਰਹੀ ਖੱਜਲ-ਖੁਆਰੀ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਸ਼ਹਿਰ ਦੇ ਗਵਰਨਮੈਂਟ ਕਾਲਜ ਸਥਿਤ ਡਰਾਈਵਿੰਗ ਟੈਸਟ ਟ੍ਰੈਕ ’ਤੇ ਪੱਕੇ ਡਰਾਈਵਿੰਗ ਵਿੰਗ ਲਾਇਸੈਂਸ ਦੀ ਪ੍ਰਕਿਰਿਆ ’ਚ ਭਾਰੀ ਬੇਨਿਯਮੀਆਂ ਦਾ ਦੋਸ਼ ਸਾਹਮਣੇ ਆਇਆ ਹੈ। ਸ਼ਿਕਾਇਤਾਂ ਮੁਤਾਬਕ ਇਥੇ ਤਾਇਨਾਤ ਮਹਿਲਾ ਸਿਰਫ ਆਪਣੇ ਖਾਸ ਲੋਕਾਂ ਦੇ ਲਾਇਸੈਂਸ ਪਹਿਲ ਦੇ ਆਧਾਰ ’ਤੇ ਬਣਵਾ ਰਹੀ ਹੈ, ਜਦੋਂਕਿ ਆਮ ਬਿਨੈਕਾਰਾਂ ਨੂੰ ਘੰਟਿਆਂਬੱਧੀ ਲਾਈਨਾਂ ’ਚ ਖੜ੍ਹੇ ਰਹਿਣਾ ਪੈਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਬਿਨੈਕਾਰ ਸਵੇਰ ਤੋਂ ਟ੍ਰੈਕ ’ਤੇ ਪੁੱਜ ਜਾਂਦੇ ਹਨ ਪਰ ਉਨ੍ਹਾਂ ਨੂੰ ਸ਼ਾਮ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਕੁਝ ਮਾਮਲਿਆਂ ’ਚ ਦੋਪਹੀਆ ਵਾਹਨ ਦਾ ਟੈਸਟ ਸਵੇਰੇ 10 ਵਜੇ ਲਿਆ ਜਾਂਦਾ ਹੈ, ਜਦੋਂਕਿ ਫੋਰ-ਵ੍ਹੀਲਰ ਲਈ ਉਨ੍ਹਾਂ ਨੂੰ ਸ਼ਾਮ 3 ਵਜੇ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਨਾਲ ਨਾ ਸਿਰਫ ਬਿਨੈਕਾਰਾਂ ਦੀ ਪੂਰੀ ਦਿਹਾੜੀ ਖਰਾਬ ਹੁੰਦੀ ਹੈ, ਸਗੋਂ ਭਿਆਨਕ ਗਰਮੀ ’ਚ ਉਨ੍ਹਾਂ ਨੂੰ ਮੁੜ ਟ੍ਰੈਕ ’ਤੇ ਆਉਣਾ ਪੈਂਦਾ ਹੈ।
ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ ਬਿਨੈਕਾਰਾਂ ਦੇ ਟੈਸਟ ਲੈਣ ਦੀ ਜ਼ਿੰਮੇਵਾਰੀ ਹੁਣ ਸਕਿਓਰਿਟੀ ਗਾਰਡ ਨੂੰ ਸੌਂਪ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਾਰਡ ਮੈਡਮ ਦੀ ਦੇਖ-ਰੇਖ ’ਚ ਅਤੇ ਉਨ੍ਹਾਂ ਦੇ ਫੋਨ ਦੇ ਨਿਰਦੇਸ਼ ’ਤੇ ਹੀ ਟੈਸਟ ਲੈਂਦਾ ਹੈ। ਅਜਿਹੇ ’ਚ ਬਿਨੈਕਾਰਾਂ ’ਚ ਗਹਿਰੀ ਨਾਰਾਜ਼ਗੀ ਹੈ ਅਤੇ ਉਹ ਇਸ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਚੁੱਕ ਰਹੇ ਹਨ।
ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਰ. ਟੀ. ਓ. ਕੁਲਦੀਪ ਬਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦੇਣ ਤੋਂ ਪਰਹੇਜ਼ ਕਰਦਿਆਂ ਕਿਹਾ ਕਿ ਪਹਿਲਾਂ ਟ੍ਰੈਕ ’ਤੇ ਤਾਰਾਂ ਦੀ ਸਮੱਸਿਆ ਸੀ, ਜਿਸ ਨੂੰ ਹੁਣ ਠੀਕ ਕਰਵਾ ਦਿੱਤਾ ਹੈ। ਨਾਲ ਹੀ ਨਵੇਂ ਕੈਮਰੇ ਵੀ ਲਗਵਾ ਦਿੱਤੇ ਗਏ ਹਨ, ਜਿਸ ਨਾਲ ਹੁਣ ਟੈਸਟ ਸੁਚਾਰੂ ਰੂਪ ਨਾਲ ਹੋ ਰਹੇ ਹਨ। ਮੈਡਮ ਦੀ ਭੂਮਿਕਾ ’ਤੇ ਉਨ੍ਹਾਂ ਨੇ ਕੇਵਲ ਇੰਨਾ ਹੀ ਕਿਹਾ ਕਿ ਗਾਰਡ ਉਨ੍ਹਾਂ ਦੀ ਸੁਪਰਵਿਜ਼ਨ ’ਚ ਹੀ ਟੈਸਟ ਲੈਂਦਾ ਹੈ। ਦੂਜੇ ਪਾਸੇ ਪ੍ਰੇਸ਼ਾਨ ਬਿਨੈਕਾਰਾਂ ਨੇ ਮੰਗ ਕੀਤੀ ਕਿ ਪੂਰੇ ਟ੍ਰੈਕ ਦੀ ਪ੍ਰਕਿਰਿਆ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ। ਜੇਕਰ ਸਿਸਟਮ ’ਚ ਸੈਟਿੰਗ ਅਤੇ ਪੱਖਪਾਤ ਵਰਗੀਆਂ ਚੀਜ਼ਾਂ ਚਲਦੀਆਂ ਰਹੀਆਂ ਤਾਂ ਆਮ ਲੋਕਾਂ ਦਾ ਸਰਕਾਰੀ ਪ੍ਰਕਿਰਿਆ ਤੋਂ ਭਰੋਸਾ ਉੱਠ ਜਾਵੇਗਾ।