ਗ੍ਰੀਨ ਪਾਰਟੀ ਅੰਦਰੂਨੀ ਵਿਵਾਦ: ਲੀਡਰ ਅਨੇਮੀ ਪਾਲ ਦੇ ਆਫਿਸ ਵਿੱਚ ਨਹੀਂ ਕੋਈ ਸਟਾਫ ਮੇਂਬਰ

by vikramsehajpal

ਓਟਾਵਾ (ਦੇਵ ਇੰਦਰਜੀਤ)- ਗ੍ਰੀਨ ਪਾਰਟੀ ਦਾ ਅੰਦਰੂਨੀ ਵਿਵਾਦ ਠੰਢਾ ਪੈਣ ਦਾ ਨਾਂ ਹੀ ਨਹੀਂ ਲੈ ਰਿਹਾ। ਗ੍ਰੀਨ ਪਾਰਟੀ ਵੱਲੋਂ ਕੀਤੀਆਂ ਗਈਆਂ ਛਾਂਗੀਆਂ ਨਾਲ ਲੀਡਰ ਅਨੇਮੀ ਪਾਲ ਦੇ ਆਫਿਸ ਵਿੱਚ ਹੁਣ ਕੋਈ ਸਟਾਫ ਹੀ ਨਹੀਂ ਬਚਿਆ ਹੈ।

ਇਨ੍ਹਾਂ ਕਟੌਤੀਆਂ ਤੋਂ ਪ੍ਰਭਾਵਿਤ ਹੋਏ ਤਿੰਨ ਸਟਾਫਰਜ਼ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਗ੍ਰੀਨ ਪਾਰਟੀ ਦੀ ਐਗਜੈ਼ਕਟਿਵ ਡਾਇਰੈਕਟਰ ਡਾਟਾ ਟੇਲਰ ਨੇ ਅੱਜ ਨੋਟਿਸ ਭੇਜੇ ਤੇ ਪਾਰਟੀ ਦੇ ਤਨਖਾਹਯਾਫਤਾ ਸਟਾਫ ਨੂੰ ਅੱਧੇ ਤੋਂ ਵੱਧ ਛਾਂਗ ਦਿੱਤਾ। ਪਿੱਛੇ ਜਿਹੇ ਹੋਈ ਸਾਰੇ ਸਟਾਫ ਦੀ ਮੀਟਿੰਗ ਵਿੱਚ ਐਗਜੈ਼ਕਟਿਵ ਨੇ 15 ਸਟਾਫ ਮੈਂਬਰਾਂ ਦੀ ਛਾਂਗੀ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਨ੍ਹਾਂ ਸਰੋਤਾਂ ਨੇ ਦੱਸਿਆ ਕਿ ਵਰਚੂਅਲ ਗੈਦਰਿੰਗ ਵਿੱਚ ਉਸ ਸਮੇਂ ਵਿਘਨ ਪੈ ਗਿਆ ਜਦੋਂ ਟੇਲਰ ਨੇ ਪਾਲ ਦੇ ਮਿਊਟ ਬਟਨ ਨੂੰ ਆਨ ਕਰ ਦਿੱਤਾ। ਉਸ ਸਮੇਂ ਪਾਲ ਪੇਅਰੋਲ ਕਟੌਤੀਆਂ ਖਿਲਾਫ ਬੋਲ ਰਹੀ ਸੀ। ਕੁੱਝ ਹੋਰ ਗ੍ਰੀਨ ਮੈਂਬਰਾਂ ਨੇ ਉਦੋਂ ਤੱਕ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਪਾਲ ਨੂੰ ਮੁੜ ਅਨਮਿਊਟ ਨਹੀਂ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਆਰਜ਼ੀ ਕਟੌਤੀਆਂ ਸ਼ੁੱਕਰਵਾਰ ਸ਼ਾਮ ਨੂੰ ਪ੍ਰਭਾਵੀ ਹੋਣਗੀਆਂ ਤੇ ਜੇ ਇਸ ਸਾਲ ਚੋਣਾਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਕੰਮ ਉੱਤੇ ਪਰਤਣ ਲਈ ਆਖਿਆ ਜਾ ਸਕਦਾ ਹੈ। ਕਟੌਤੀਆਂ ਵਿੱਚ ਉਹ ਨਵਾਂ ਸਟਾਫ ਵੀ ਸੀ ਜਿਹੜਾ ਨੌਂ ਮਹੀਨੇ ਪਹਿਲਾਂ ਪਾਲ ਦੀ ਚੋਣ ਸਮੇਂ ਟੀਮ ਵਿੱਚ ਸ਼ਾਮਲ ਹੋਇਆ ਸੀ।ਟੇਲਰ ਤੇ ਪਾਲ ਦੇ ਆਫਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ।