ਗੁਜਰਾਤ : ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿੱਤਾ ਅਸਤੀਫ਼ਾ

by vikramsehajpal

ਗੁਜਰਾਤ (ਦੇਵ ਇੰਦਰਜੀਤ) : ਗੁਜਰਾਤ ਭਾਜਪਾ ’ਚ ਸਿਆਸੀ ਹਲ-ਚਲ ਤੇਜ਼ ਹੋ ਗਈ ਹੈ। ਸ਼ਨੀਵਾਰ ਯਾਨੀ ਕਿ ਅੱਜ ਵਿਜੇ ਰੂਪਾਨੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਰੂਪਾਨੀ ਨੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨੂੰ ਮਿਲ ਕੇ ਆਪਣਾ ਅਸਤੀਫ਼ਾ ਸੌਂਪਿਆ। ਇਸ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਅਸਤੀਫ਼ਾ ਦਿੱਤਾ ਹੈ। ਹੁਣ ਉਹ ਪਾਰਟੀ ’ਚ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਸ ਨੂੰ ਨਿਭਾਉਣਗੇ।

ਦੋ ਵਾਰ ਮੁੱਖ ਮੰਤਰੀ ਰਹੇ ਰੂਪਾਨੀ ਨੇ ਕਿਹਾ ਕਿ ਮੈਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ। ਮੇਰੇ ਵਰਗੇ ਪਾਰਟੀ ਦੇ ਵਰਕਰ ਨੂੰ ਮੁੱਖ ਮੰਤਰੀ ਵਰਗੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਪਾਰਟੀ ’ਚ ਸਮੇਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਬਦਲਦੀਆਂ ਹਨ। ਗੁਜਾਰਤ ਦੇ ਵਿਕਾਸ ਯਾਤਰਾ ’ਚ ਯੋਗਦਾਨ ਦਾ ਮੌਕਾ ਮਿਲਿਆ। ਮੇਰੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵਿਸ਼ੇਸ਼ ਮਾਰਗਦਰਸ਼ਨ ਮਿਲਦਾ ਰਿਹਾ। ਰੂਪਾਨੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ।

ਵਿਜੇ ਰੂਪਾਨੀ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਗੁਜਰਾਤ ਵਿਚ ਅਗਲੇ ਸਾਲ ਯਾਨੀ ਕਿ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰੂਪਾਨੀ ਦੇ ਅਸਤੀਫ਼ੇ ਨੂੰ ਸੱਤਾਧਾਰੀ ਭਾਜਪਾ ਦੀ ਚੁਣਾਵੀ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੁਝ ਸਾਲਾਂ ਨੂੰ ਛੱਡ ਕੇ ਸਾਲ 1995 ਤੋਂ ਹੀ ਗੁਜਰਾਤ ਵਿਚ ਜ਼ਿਆਦਾਤਰ ਭਾਜਪਾ ਦੀ ਸਰਕਾਰ ਰਹੀ ਹੈ।