ਤਰਨਤਾਰਨ ਦੇ ਮੁਹੱਲਾ ਨਾਨਕਸਰ ’ਚ ਗੁਟਕਾ ਸਾਹਿਬ ਦੀ ਬੇਅਦਬੀ

by nripost

ਤਰਨਤਾਰਨ (ਨੇਹਾ): ਤਰਨਤਾਰਨ ਦੇ ਮੁਹੱਲਾ ਨਾਨਕਸਰ ਵਿਖੇ ਸਥਿਤ ਗੁਰਦੁਆਰਾ ਸਾਂਝੀਵਾਲ ਸਾਹਿਬ ਦੇ ਕੋਲ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੇ ਦੇ ਅੰਗ ਕੂੜੇ ਦੇ ਢੇਰ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਵਿਚ ਲੱਗੇ ਪਰਨਾਲਿਆਂ ਵਿੱਚੋਂ ਮਿਲੇ ਹਨ। ਜਿਸ ਤੋਂ ਬਾਅਦ ਇਲਾਕੇ ਦੀ ਸੰਗਤ ਵਿਚ ਜਿਥੇ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹੱਲਾ ਵਾਸੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਅੰਤਰਜੋਤ ਸਿੰਘ ਨਾਮਕ ਲੜਕੇ ਨੇ ਕੂੜੇ ਦੇ ਢੇਰ ਉੱਪਰ ਗੁਟਕਾ ਸਾਹਿਬ ਦਾ ਇਕ ਅੰਗ ਵੇਖਿਆ ਤਾਂ ਆਪਣੇ ਘਰ ਜਾ ਕੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੁਹੱਲੇ ਦੇ ਲੋਕ ਇਕੱਠੇ ਹੋਏ ਅਤੇ ਉਕਤ ਅੰਗ ਨੂੰ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਕਿਤੇ ਕਿਸੇ ਕੋਲੋਂ ਕੋਈ ਗਲਤੀ ਹੋਈ ਹੈ। ਪਰ ਜਦੋਂ ਹੋਰ ਫਰੋਲਾ ਫਰਾਲੀ ਕੀਤੀ ਤਾਂ ਸੜੇ ਹੋਏ ਹੋਰ ਅੰਗ ਮਿਲੇ। ਜਦੋਕਿ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲੱਗੇ ਪਰਨਾਲੇ ਦੇ ਹੇਠੋਂ ਵੀ ਗੁਟਕਾ ਸਾਹਿਬ ਦੇ ਕਾਫੀ ਅੰਗ ਸੜੀ ਹਾਲਤ ਵਿਚ ਮਿਲੇ ਤਾਂ ਇਲਾਕੇ ਵਿਚ ਰੋਸ ਦੀ ਲਹਿਰ ਦੌੜ ਗਈ।

ਇਸ ਮੌਕੇ ਸਮਾਜ ਸੇਵੀ ਦਿਲਬਾਗ ਸਿੰਘ ਯੋਧਾ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਹਮੇਸ਼ਾ ਗੁਰੂ ਸਾਹਿਬਾਨਾਂ ਨਾਲ ਸਬੰਧਤ ਦਿਹਾੜਿਆਂ ਮੌਕੇ ਹੀ ਕਿਉਂ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਗਹਿਰੀ ਸਾਜਿਸ਼ ਹੈ, ਜਿਸ ਨੂੰ ਜਲਦ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਇਲਾਕੇ ਦੀ ਕੌਂਸਲਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਘਟਨਾ ਕੋਈ ਵਿਕ੍ਰਿਤ ਦਿਮਾਗ ਦਾ ਵਿਅਕਤੀ ਹੀ ਕਰ ਸਕਦਾ ਹੈ, ਕੋਈ ਬੁੱਧੀਮਾਨ ਨਹੀਂ। ਉਨ੍ਹਾਂ ਨੇ ਕਿਹਾ ਕਿ ਇਸ ਸ਼ਰਾਰਤ ਦਾ ਖੁਲਾਸਾ ਕਰਨ ਲਈ ਯਤਨ ਕੀਤੇ ਜਾਣਗੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੇ ਅੰਗ ਮਿਲੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਛੱਤ ਤੋੋਂ ਜੋ ਪਰਨਾਲੇ ਆਉਂਦੇ ਹਨ, ਉਹ ਉੱਪਰੋਂ ਬੰਦ ਹੋ ਚੁੱਕੇ ਹਨ। ਇਸ ਲਈ ਹੇਠਾਂ ਤੋਂ ਹੀ ਪਰਨਾਲੇ ਵਿਚ ਇਹ ਅੰਗ ਰੱਖੇ ਗਏ ਹਨ, ਜੋ ਸ਼ਰਾਰਤੀ ਅਨਸਰ ਦਾ ਕੰਮ ਲੱਗਦਾ ਹੈ। ਮੌਕੇ ’ਤੇ ਪੁੱਜੇ ਥਾਣਾ ਸਿਟੀ ਤਰਨਤਾਰਨ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਘਟਨਾ ਨਹੀਂ ਵਾਪਰੀ, ਬਲਕਿ ਗਲੀ ਵਿਚ ਲੱਗੇ ਪਰਨਾਲੇ ਤੇ ਕੂੜੇ ਦੇ ਢੇਰ ਤੋਂ ਇਹ ਅੰਗ ਮਿਲੇ ਹਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬੇਅਦਬੀ ਦੀ ਘਟਨ ਕਰਨ ਵਾਲੇ ਦਾ ਪਤਾ ਲਗਾਇਆ ਜਾ ਸਕੇ।