ਅਣਪਛਾਤੇ ਵਿਅਕਤੀਆਂ ਨੇ ਕੀਤਾ ਹਾਇਤੀ ਦੇ ਰਾਸ਼ਟਰਪਤੀ ਦਾ ਕਤਲ

by vikramsehajpal

ਹਾਇਤੀ (ਦੇਵ ਇੰਦਰਜੀਤ) : ਹਾਇਤੀ ਦੇ ਰਾਸ਼ਟਰਪਤੀ ਜੋਵੇਨਲ ਮੌਇਸ ਦੀ ਪ੍ਰਾਈਵੇਟ ਰਿਹਾਇਸ਼ ਉੱਤੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਹ ਖੁਲਾਸਾ ਬੁੱਧਵਾਰ ਨੂੰ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ।

ਅੰਤਰਿਮ ਪ੍ਰੀਮੀਅਰ ਕਲੌਡੇ ਜੋਸਫ ਨੇ ਆਖਿਆ ਕਿ ਫਰਸਟ ਲੇਡੀ ਮਾਰਟਿਨ ਮੌਇਸ ਨੂੰ ਹਮਲੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।ਜੋਸਫ ਨੇ ਇਸ ਨੂੰ ਨਫਰਤ ਭਰਿਆ, ਗੈਰ ਮਨੁੱਖੀ ਤੇ ਜ਼ਾਲਮਾਨਾਂ ਕਾਰਾ ਦੱਸਦਿਆਂ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਹਾਲਾਤ ਹਾਇਤੀ ਦੀ ਨੈਸ਼ਨਲ ਪੁਲਿਸ ਤੇ ਹੋਰਨਾਂ ਅਧਿਕਾਰੀਆਂ ਦੇ ਨਿਯੰਤਰਣ ਵਿੱਚ ਹਨ। ਜਿ਼ਕਰਯੋਗ ਹੈ ਕਿ ਮੌਇਸ ਦੇ ਕਾਰਜਕਾਲ ਵਿੱਚ 11 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਅਸਥਿਰਤਾ ਵਧ ਗਈ ਸੀ। ਦੇਸ਼ ਦੇ ਆਰਥਿਕ, ਸਿਆਸੀ ਤੇ ਸਮਾਜਕ ਹਾਲਾਤ ਵੀ ਬਦਤਰ ਹੋ ਗਏ ਸਨ।

ਰਾਜਧਾਨੀ ਪੋਰਟ-ਔ-ਪ੍ਰਿੰਸ ਵਿੱਚ ਗੈਂਗ ਵਾਇਲੈਂਸ ਦਾ ਬੋਲਬਾਲਾ ਸੀ, ਮਹਿੰਗਾਈ ਬਹੁਤ ਵੱਧ ਗਈ ਸੀ, ਖਾਣ-ਪੀਣ ਦੀਆਂ ਚੀਜ਼ਾਂ ਤੇ ਫਿਊਲ ਵੀ ਕਾਫੀ ਮਹਿੰਗਾ ਹੋ ਗਿਆ ਸੀ। ਇਸ ਦੇਸ਼ ਦੀ 60 ਫੀ ਸਦੀ ਅਬਾਦੀ ਦਿਨ ਦੇ 2 ਡਾਲਰ ਤੋਂ ਵੀ ਘੱਟ ਕਮਾਉਂਦੀ ਹੈ। ਅਜੇ ਵੀ ਦੇਸ਼ 2010 ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਹੋਏ ਨੁਕਸਾਨ ਤੇ 2016 ਵਿੱਚ ਆਏ ਤੂਫਾਨ ਮੈਥਿਊ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਪਾਇਆ ਹੈ।

53 ਸਾਲਾ ਮੌਇਸ ਦੋ ਸਾਲਾਂ ਤੋਂ ਦੇਸ਼ ਦਾ ਕੰਮਕਾਜ ਚਲਾ ਰਹੇ ਸਨ। ਦੇਸ਼ ਵਿੱਚ ਚੋਣਾਂ ਨਾ ਹੋਣ ਕਾਰਨ ਪਾਰਲੀਆਮੈਂਟ ਭੰਗ ਕਰਨੀ ਪਈ ਸੀ ਤੇ ਫਰਮਾਨ ਤੋਂ ਬਾਅਦ ਮੌਇਸ ਨੂੰ ਸੱਤਾ ਸੌਂਪ ਦਿੱਤੀ ਗਈ ਸੀ।