ਰਾਜਧਾਨੀ ਦਿੱਲੀ ‘ਚ ਮਿਲਿਆ ਹੈਂਡ ਗ੍ਰਨੇਡ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

by jaskamal

ਨਿਊਜ਼ ਡੈਸਕ : ਦਿੱਲੀ ਦੇ ਮੁਹੰਮਦਪੁਰ ਇਲਾਕੇ 'ਚ ਪੁਰਾਣਾ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਇਕ ਪੁਰਾਣੇ ਇਤਿਹਾਸਕ ਗੁੰਬਦ ਦੇ ਕੋਲ ਇਹ ਹੈਂਡ ਗ੍ਰਨੇਡ ਪਿਆ ਸੀ। ਸਥਾਨਕ ਲੋਕਾਂ ਨੇ ਜਦੋਂ ਇਸ ਦੀ ਸੂਚਨਾ ਦਿੱਲੀ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਬੰਬ ਸਕੁਐਡ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਇਸ ਬੰਬ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਬੰਬ ਨਿਗਮ ਕੌਂਸਲਰ ਭਗਤ ਸਿੰਘ ਟੋਕਸ ਦੀ ਰਿਹਾਇਸ਼ ਦੇ ਕੋਲੋਂ ਮਿਲਿਆ ਹੈ।

ਇਸ ਘਟਨਾ ਤੋਂ ਬਾਅਦ ਭਗਤ ਸਿੰਘ ਟੋਕਸ ਨੇ ਦੋਸ਼ ਲਾਇਆ ਹੈ ਕਿ ਉਹ ਪਿਛਲੇ ਕਾਫੀ ਦਿਨਾਂ ਤੋਂ ਪਿੰਡ ਮੁਹੰਮਦਪੁਰ ਦਾ ਨਾਂ ਬਦਲ ਕੇ ਮਾਧਵਪੁਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੇ ਘਰ ਦੇ ਕੋਲੋਂ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਸਮਾਜ ਵਿਰੋਧੀ ਅਨਸਰ ਵੱਲੋਂ ਉਨ੍ਹਾਂ ਨੂੰ ਡਰਾਉਣ ਲਈ ਇੱਥੇ ਬੰਬ ਰੱਖਿਆ ਗਿਆ ਹੈ ਤਾਂ ਉਹ ਅਜਿਹੀਆਂ ਘਟਨਾਵਾਂ ਤੋਂ ਡਰਨ ਵਾਲੇ ਨਹੀਂ ਹਨ, ਹਾਲਾਂਕਿ ਇਹ ਹੈਂਡ ਗ੍ਰਨੇਡ ਇੱਥੇ ਕਿੱਥੋਂ ਆਇਆ, ਇਸ ਦੀ ਜਾਂਚ ਦਿੱਲੀ ਪੁਲਸ ਦੀ ਟੀਮ ਕਰ ਰਹੀ ਹੈ।