‘ਕਿਸਾਨਾਂ ਨੂੰ ਦੇਖ ਲਵਾਂਗਾ’ ਬਿਆਨ ‘ਤੇ ਹੰਸਰਾਜ ਦੀ ਸਫਾਈ- ‘ਸਾਰੇ ਕਿਸਾਨ ਗਲਤ ਨਹੀਂ, ਗਾਲ੍ਹਾਂ ਕੱਢਣ ਵਾਲਿਆਂ ‘ਤੇ ਗੁੱਸਾ ਸੀ’

by vikramsehajpal

ਜਲੰਧਰ (ਸਾਹਿਬ): ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਹਾਰ ਚੁੱਕੇ ਭਾਜਪਾ ਉਮੀਦਵਾਰ ਪਦਮਸ਼੍ਰੀ ਹੰਸਰਾਜ ਹੰਸ ਨੇ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ। ਹੰਸ ਨੇ ਕਿਹਾ ਕਿ ਮੈਂ ਫਰੀਦਕੋਟ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਵੋਟ ਦਿੱਤੀ। ਹੰਸ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ ਸੀਟਾਂ ਹਾਰ ਗਈ। ਇਸ ਕਾਰਨ ਸਾਨੂੰ ਆਤਮ-ਚਿੰਤਨ ਕਰਨ ਦੀ ਲੋੜ ਹੈ। ਸਾਨੂੰ ਸਮਝਣਾ ਹੋਵੇਗਾ ਕਿ ਕਮੀਆਂ ਕਿੱਥੇ ਰਹਿ ਗਈਆਂ ਹਨ। ਹਾਰ ਦੇ ਕਾਰਨਾਂ ਬਾਰੇ ਸੋਚਣਾ ਚਾਹੀਦਾ ਹੈ।

ਹੰਸਰਾਜ ਨੇ '2 ਜੂਨ ਤੋਂ ਬਾਅਦ ਕਿਸਾਨਾਂ ਨੂੰ ਦੇਖ ਲਵਾਂਗਾ' ਵਾਲੇ ਬਿਆਨ ਨੂੰ ਲੈ ਕੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਜਦੋਂ ਸਾਡੀਆਂ ਧੀਆਂ 'ਤੇ ਹਮਲੇ ਹੋ ਰਹੇ ਸਨ ਤਾਂ ਮੈਂ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਸ਼ਰਾਰਤੀ ਲੋਕ ਮਾਹੌਲ ਖਰਾਬ ਕਰ ਰਹੇ ਸਨ। ਇਸ ਕਾਰਨ ਮੈਨੂੰ ਅਜਿਹਾ ਬਿਆਨ ਦੇਣਾ ਪਿਆ।

ਉਨ੍ਹਾਂ ਕਿਹਾ ਕਿ ਮੈਂ ਸਾਰੇ ਕਿਸਾਨਾਂ ਨੂੰ ਨਹੀਂ ਕਿਹਾ ਸੀ, ਸਾਰੇ ਕਿਸਾਨ ਗਲਤ ਨਹੀਂ। ਵਰਕਰਾਂ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ। ਹਾਰ ਤੋਂ ਬਾਅਦ ਮੈਂ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਚੋਣਾਂ ਬਹੁਤ ਵਧੀਆ ਢੰਗ ਨਾਲ ਲੜੀਆਂ ਹਨ। ਤੁਸੀਂ ਯੋਧੇ ਵਾਂਗ ਚੋਣਾਂ ਲੜੀਆਂ। ਮੈਂ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਮੈਂ ਭਵਿੱਖ ਵਿੱਚ ਚੋਣ ਲੜਾਂਗਾ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ਇਸ ਲਈ ਚੋਣ ਲੜੀ ਕਿਉਂਕਿ ਮੇਰੀ ਪਾਰਟੀ ਦੇ ਮੇਰੇ 'ਤੇ ਅਹਿਸਾਨ ਹਨ। ਪਾਰਟੀ ਮੈਨੂੰ ਦਿੱਲੀ ਲੈ ਗਈ ਅਤੇ ਉੱਥੇ ਬਿਨਾਂ ਕੋਈ ਪੈਸਾ ਲਗਾਏ ਚੋਣ ਜਿੱਤਾ ਦਿੱਤੀ, ਹੁਣ ਮੇਰੀ ਵਾਰੀ ਸੀ ਜਿੱਥੋਂ ਪਾਰਟੀ ਨੇ ਕਿਹਾ ਮਈ ਓਥੇ ਜਾ ਕੇ ਚੋਣ ਲੜੀ।