ਹਰਮਨਪ੍ਰੀਤ ਕੌਰ 300 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਦੁਨੀਆ ਦੀ 5ਵੀਂ ਮਹਿਲਾ ਕ੍ਰਿਕਟਰ ਬਣੀ

by jagjeetkaur

ਸਿਲਹਟ (ਬੰਗਲਾਦੇਸ਼) - ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਪ੍ਰੀਤ ਕੌਰ ਨੇ 6 ਮਈ ਨੂੰ ਸਿਲਹਟ ਇੰਟਰਨੈਸ਼ਨਲ ਸਟੇਡੀਅਮ, ਸਿਲਹਟ ਵਿਖੇ ਖੇਡੇ ਗਏ IND-W ਬਨਾਮ BAN-W ਚੌਥੇ T20I ਮੈਚ ਦੌਰਾਨ 300 ਅੰਤਰਰਾਸ਼ਟਰੀ ਮੈਚ ਪੂਰੇ ਕੀਤੇ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 300 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਭਾਰਤ ਦੀ ਦੂਜੀ ਅਤੇ ਦੁਨੀਆ ਦੀ ਪੰਜਵੀਂ ਖਿਡਾਰਨ ਬਣ ਗਈ ਹੈ। 2009 'ਚ ਡੈਬਿਊ ਕਰਨ ਵਾਲੀ ਹਰਮਨਪ੍ਰੀਤ ਨੇ ਸੋਮਵਾਰ ਨੂੰ ਬੰਗਲਾਦੇਸ਼ ਖਿਲਾਫ ਆਪਣਾ 300ਵਾਂ ਅੰਤਰਰਾਸ਼ਟਰੀ ਮੈਚ ਖੇਡਿਆ। ਉਸ ਤੋਂ ਪਹਿਲਾਂ ਮਿਤਾਲੀ ਰਾਜ (333), ਸੂਜ਼ੀ ਬੇਟਸ (317), ਐਲਿਸ ਪੇਰੀ (314), ਸ਼ਾਰਲੋਟ ਐਡਵਰਡਸ (309) 300 ਅੰਤਰਰਾਸ਼ਟਰੀ ਮੈਚ ਖੇਡ ਚੁੱਕੀਆਂ ਹਨ।

ਬੀਸੀਸੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਲਈ ਇਕ ਪੋਸਟ ਸ਼ੇਅਰ ਕੀਤੀ ਅਤੇ ਸੱਜੇ ਹੱਥ ਦੇ ਬੱਲੇਬਾਜ਼ ਨੂੰ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਬੰਗਲਾਦੇਸ਼ ਤੋਂ ਚੌਥਾ ਟੀ-20 ਮੈਚ 56 ਦੌੜਾਂ ਨਾਲ ਜਿੱਤਿਆ ਸੀ। ਕਪਤਾਨ ਹਰਮਨਪ੍ਰੀਤ ਕੌਰ ਨੇ 26 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਪਲੇਅਰ ਆਫ ਦਿ ਮੈਚ ਦੇ ਐਵਾਰਡ ਨਾਲ ਆਪਣਾ ਖਾਸ ਦਿਨ ਮਨਾਇਆ।