ਹਰਜੋਤ ਬੈਂਸ ਦਾ ਵੱਡਾ ਐਲਾਨ: ਸਰਕਾਰੀ ਸਕੂਲਾਂ ਲਈ ਸਿੱਖਿਆ ਦੇ ਨਵੇਂ ਹੁਕਮ ਜਾਰੀ

by nripost

ਰੂਪਨਗਰ (ਪਾਇਲ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ 20 ਦਸੰਬਰ ਨੂੰ ਸਕੂਲ ਪ੍ਰਬੰਧਨ ਕਮੇਟੀਆਂ (ਐੱਸ. ਐੱਮ. ਸੀ.) ਦੇ ਸਹਿਯੋਗ ਨਾਲ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਸੂਬੇ ਭਰ ਦੇ ਸਾਰੇ ਸਕੂਲਾਂ ਵਿਚ ਮਾਪਿਆਂ ਦੀ ਹਿੱਸੇਦਾਰੀ ’ਤੇ ਵਰਕਸ਼ਾਪ ਅਤੇ ਮੈਗਾ ਪੀ. ਟੀ. ਐੱਮ. ਨਾਮਕ ਵਰਕਸ਼ਾਪਾਂ ਦੀ ਇਕ ਵਿਆਪਕ ਲੜੀ ਦਾ ਆਯੋਜਨ ਕਰ ਰਿਹਾ ਹੈ।

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸਕੂਲ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਬੈਂਸ ਨੇ ਕਿਹਾ ਕਿ ਇਸ ਲੜੀ ਦੀ ਪਹਿਲੀ ਵਰਕਸ਼ਾਪ 20 ਦਸੰਬਰ ਨੂੰ ਹੋਵੇਗੀ। ਬੈਂਸ ਨੇ ਕਿਹਾ ਕਿ ਇਨ੍ਹਾਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਸ਼ਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਹਰੇਕ ਮਾਪੇ ਨੂੰ ਬੱਚੇ ਦੀ ਅਕਾਦਮਿਕ ਪ੍ਰਗਤੀ, ਸਰਕਾਰੀ ਸਕੂਲਾਂ ਦੇ ਯੋਗਦਾਨ ਅਤੇ ਸਕੂਲ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਸਪੱਸ਼ਟ ਜਾਣਕਾਰੀ ਹੋਵੇ। ਇਹ ਯਤਨ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਘਰ ਅਤੇ ਸਕੂਲ ਵਿਚਕਾਰ ਇਕ ਅਟੁੱਟ ਪੁਲ ਬਣਾਏਗਾ। ਰਿਆਤ ਬਾਹਰਾ ਯੂਨੀਵਰਸਿਟੀ ਪਹੁੰਚਣ 'ਤੇ ਹਰਜੋਤ ਬੈਂਸ ਦਾ ਸਵਾਗਤ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਗਰੁੱਪ ਵਾਈਸ-ਚਾਂਸਲਰ ਪ੍ਰੋਫੈਸਰ (ਡਾ.) ਸੰਜੇ ਕੁਮਾਰ ਵਜੋਂ ਕੀਤਾ ਗਿਆ।

ਸਿੱਖਿਆ ਮੰਤਰੀ ਨੇ ਸਿੱਖਿਆ ਕ੍ਰਾਂਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਪਹਿਲਕਦਮੀ ਵਿੱਚ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਸਕੂਲ ਆਫ਼ ਐਮੀਨੈਂਸ ਬਣਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ, ਜਿਸ ਵਿੱਚ ਸਮਾਰਟ ਕਲਾਸਰੂਮ, ਸਾਇੰਸ ਲੈਬ ਅਤੇ ਚਾਰਦੀਵਾਰੀ ਸ਼ਾਮਲ ਹਨ। ਬੈਂਸ ਨੇ ਕਿਹਾ ਕਿ 12,000 ਸਰਕਾਰੀ ਸਕੂਲਾਂ ਨੂੰ ਮੁਰੰਮਤ ਕੀਤੀਆਂ ਚਾਰਦੀਵਾਰੀਆਂ, ਕਲਾਸਰੂਮਾਂ, ਪਖਾਨਿਆਂ ਅਤੇ ਖੇਡ ਦੇ ਮੈਦਾਨਾਂ ਨਾਲ ਅਪਗ੍ਰੇਡ ਕਰਨ ਲਈ 2,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ।

ਇਸ ਤੋਂ ਇਲਾਵਾ 118 ਮੌਜੂਦਾ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਐਡਵਾਂਸਡ ਪੀਅਰ ਲਰਨਿੰਗ ਲਈ ਹਾਈ-ਟੈਕ "ਸਕੂਲ ਆਫ਼ ਐਮੀਨੈਂਸ" ਵਿੱਚ ਬਦਲ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਨੂੰ ਮੁਕਾਬਲੇਬਾਜ਼ ਬਣਾਉਣਾ ਅਤੇ ਪੰਜਾਬ ਦੇ ਹਰੇਕ ਬੱਚੇ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਠੋਸ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਤਕਨੀਕੀ ਤਰੱਕੀ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਸਟਾਫ਼ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ।

More News

NRI Post
..
NRI Post
..
NRI Post
..