ਗਣਤੰਤਰ ਦਿਵਸ ‘ਤੇ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਦਿੱਤੀ ਸਪੈਸ਼ਲ ਛੋਟ

by jagjeetkaur

ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਕੈਦੀਆਂ ਨੂੰ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੂੰ 10 ਸਾਲ ਜਾਂ ਇਸ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋਈ ਹੈ, ਉਨ੍ਹਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ। ਜਿਸ ਕਾਰਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਵੀ ਫਾਇਦਾ ਹੋਵੇਗਾ। ਸਰਕਾਰ ਦੇ ਇਸ ਫੈਸਲੇ ਕਾਰਨ ਰਾਮ ਰਹੀਮ 10 ਦਿਨ ਹੋਰ ਜੇਲ੍ਹ ਤੋਂ ਬਾਹਰ ਰਹੇਗਾ।

ਦੱਸ ਦੇਈਏ ਕਿ ਰਾਮ ਰਹੀਮ ਕੁਝ ਦਿਨ ਪਹਿਲਾਂ ਹੀ 50 ਦਿਨਾਂ ਲਈ ਪੈਰੋਲ 'ਤੇ ਬਾਹਰ ਆਇਆ ਸੀ। ਸਜ਼ਾ ਪੂਰੀ ਹੋਣ ਤੋਂ ਬਾਅਦ ਰਾਮ ਰਹੀਮ ਨੂੰ 9ਵੀਂ ਵਾਰ ਪੈਰੋਲ ਮਿਲੀ ਹੈ।ਰਾਮ ਰਹੀਮ ਨੂੰ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ।

ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਪੈਰੋਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਇਸ ਸਾਲ 2024 ਵਿੱਚ ਪਹਿਲੀ ਵਾਰ ਪੈਰੋਲ ਮਿਲੀ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ 'ਚ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਰਾਮ ਰਹੀਮ ਪੈਰੋਲ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਸਿਰਸਾ ਡੇਰੇ ਦੇ ਸੰਪਰਕ 'ਚ ਰਹਿੰਦਾ ਹੈ।

ਇਹ ਛੋਟ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਵੀ ਦਿੱਤੀ ਜਾਵੇਗੀ ਜੋ ਗਣਤੰਤਰ ਦਿਵਸ ਯਾਨੀ ਅੱਜ ਜੇਲ ਤੋਂ ਪੈਰੋਲ ਜਾਂ ਫਰਲੋ 'ਤੇ ਹਨ, ਬਸ਼ਰਤੇ ਉਹ ਨਿਰਧਾਰਤ ਮਿਤੀ 'ਤੇ ਸਬੰਧਤ ਜੇਲ੍ਹਾਂ ਵਿੱਚ ਆਤਮ ਸਮਰਪਣ ਕਰ ਦੇਣ। ਇਹ ਛੋਟ ਉਨ੍ਹਾਂ ਦੀ ਪੈਰੋਲ ਜਾਂ ਛੁੱਟੀ ਦੀ ਮਿਆਦ ਪੁੱਗਣ ਦੀ ਸੂਰਤ ਵਿੱਚ ਕੈਦ ਦੀ ਬਾਕੀ ਮਿਆਦ ਵਿੱਚ ਦਿੱਤੀ ਜਾਵੇਗੀ। ਇਹ ਛੋਟ ਉਨ੍ਹਾਂ ਦੋਸ਼ੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਜੁਰਮਾਨਾ ਅਦਾ ਨਾ ਕਰਨ ਕਾਰਨ ਸਜ਼ਾ ਕੱਟ ਚੁੱਕੇ ਹਨ।