ਰਾਮ-ਰਹੀਮ ਦੀ Z+ ਸਕਿਉਰਿਟੀ ਬਾਰੇ ਬੋਲੇ ਹਰਿਆਣਾ ਦੇ ਗ੍ਰਹਿ ਮੰਤਰੀ; ਮੈਨੂੰ ਤਾਂ ਕੁਝ ਪਤਾ ਨ੍ਹੀਂ

by jaskamal

ਨਿਊਜ਼ ਡੈਸਕ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਣ ਤੇ ਬਾਹਰ ਆਉਣ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ Z+ ਸਕਿਉਰਿਟੀ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਕਿ ਜਦੋਂ ਵੀ ਕਿਸੇ ਕੈਦੀ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੇਕਰ ਉਸ ਨੂੰ ਸਕਿਉਰਿਟੀ ਥਰੈਟ ਹੈ ਤਾਂ ਉਸ ਦੀ ਸੁਰੱਖਿਆ ਕਰਨਾ ਸਾਡਾ ਫਰਜ਼ ਹੈ।

ਇਸੇ ਤਹਿਤ ਡੇਰਾ ਮੁਖੀ ਨੂੰ ਵੀ ਇਹ ਸਕਿਉਰਿਟੀ ਸਾਡੇ ਵੱਲੋਂ ਦਿੱਤੀ ਗਈ ਹੈ। ਅੱਗੇ ਜਾ ਕੇ ਜੇਕਰ ਰਿਵੀਊ ਕਰਨ 'ਤੇ ਸਾਨੂੰ ਲੱਗਿਆ ਕਿ ਹੁਣ ਕੋਈ ਖਤਰਾ ਨਹੀਂ ਤਾਂ ਇਨ੍ਹਾਂ ਦੀ ਸਕਿਉਰਿਟੀ ਵਾਪਸ ਲੈ ਲਈ ਜਾਵੇਗੀ। ਡੇਰਾ ਮੁਖੀ ਨੂੰ ਦਿੱਤੀ ਸਕਿਉਰਿਟੀ ਨੂੰ ਫਰਲੋ ਜਾਂ ਜੇਲ੍ਹ ਨਾਲ ਜੋੜ ਕੇ ਦੇਖਣਾ ਬੇਹੱਦ ਗਲਤ ਹੈ।

ਉਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਮੇਰੇ ਕੋਲ ਡੇਰਾ ਮੁਖੀ ਨੂੰ Z+ ਸਕਿਉਰਿਟੀ ਦੇਣ ਬਾਬਤ ਨਾ ਤਾਂ ਕੋਈ ਫਾਈਲ ਆਈ ਤੇ ਨਾ ਹੀ ਮੈਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਹੈ। ਇਸ ਸਬੰਧੀ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦਾ ਕੁਝ ਹੋਰ ਹੀ ਕਹਿਣਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਕੋਲ ਜੇਲ੍ਹ 'ਚ ਆਉਣ ਤੋਂ ਪਹਿਲਾਂ ਹੀ Z ਸਕਿਉਰਿਟੀ ਸੀ। ਜਦੋਂ ਉਨ੍ਹਾਂ ਨੂੰ ਕੈਦ ਹੋਈ ਤਾਂ ਸਕਿਉਰਿਟੀ ਵੀ ਵਾਪਸ ਹੋ ਗਈ ਪਰ ਜਦੋਂ ਹੁਣ ਉਹ ਫਰਲੋ 'ਤੇ ਬਾਹਰ ਗਏ ਹਨ ਤਾਂ ਦੁਬਾਰਾ ਉਨ੍ਹਾਂ ਨੂੰ Z+ ਸਕਿਉਰਿਟੀ ਮੁਹੱਈਆ ਕਰਵਾ ਦਿੱਤੀ ਗਈ ਹੈ।