ਮੋਗਾ (ਰਾਘਵ) : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਹੁਣ ਜਾਨਲੇਵਾ ਸਾਬਤ ਹੋ ਰਹੀ ਹੈ। ਗਰਮੀ ਕਾਰਣ ਪੰਜਾਬ ਵਿਚ ਇਕ ਹੋਰ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਅਣਪਛਾਤੇ ਵਿਅਕਤੀ ਦੀ ਲਾਸ਼, ਜਿਸ ਦੀ ਉਮਰ ਲਗਭਗ 45 ਸਾਲ ਜਾਪਦੀ ਹੈ, ਕੋਟਕਪੂਰਾ ਬਾਈਪਾਸ, ਕੋਠਾ ਪੱਤੀ ਮੁਹੱਬਤ ਨੇੜੇ ਪਈ ਹੈ, ਜਿਸ ’ਤੇ ਉਹ ਪੁਲਸ ਪਾਰਟੀ ਨਾਲ ਉੱਥੇ ਪਹੁੰਚੇ ਅਤੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਜਦੋਂ ਕੋਈ ਪਛਾਣ ਨਹੀਂ ਮਿਲੀ ਤਾਂ ਅਸੀਂ ਸਮਾਜ ਸੇਵਾ ਸੁਸਾਇਟੀ ਰਾਹੀਂ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਮੋਗਾ ਵਿਚ ਰੱਖਿਆ, ਤਾਂ ਜੋ ਇਸਦੀ ਪਛਾਣ ਹੋ ਸਕੇ। ਚੌਕੀ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਮੌਤ ਪੈ ਰਹੀ ਅੱਤ ਦੀ ਗਰਮੀ ਕਾਰਣ ਹੋਈ ਹੈ। ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾ ਦਾ ਪਤਾ ਲੱਗ ਸਕੇਗਾ।
ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ:
ਪੰਜਾਬ ਵਿਚ ਜਿੱਥੇ ਗਰਮੀ ਲਗਾਤਾਰ ਪ੍ਰਕੋਪ ਦਿਖਾ ਰਹੀ ਹੈ, ਉਥੇ ਹੀ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਆਖਿਆ ਗਿਆ ਹੈ ਕਿ ਦੁਪਹਿਰ ਦੇ 12 ਤੋਂ 4 ਵਜੇ ਤੱਕ ਗਰਮੀ ਤੋਂ ਬਚਣ ਲਈ ਘਰ ਦੇ ਅੰਦਰ ਰਹੋ। ਗਰਮੀਆਂ ਦੇ ਮੌਸਮ ਵਿਚ ਨਵਜੰਮੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਮਾਨਸਿਕ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਅਤੇ ਦਿਲ ਦੇ ਮਰੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਉਹ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ। ਵਿਭਾਗ ਮੁਤਾਬਕ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਨਾ ਜਾਓ, ਖਾਸ ਕਰ ਕੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਧੁੱਪ ਵਿਚ ਬਾਹਰ ਜਾਣ ਤੋਂ ਬਚੋ। ਧੁੱਪ ਤੋਂ ਬਚਣ ਲਈ ਗੂੜ੍ਹੇ ਰੰਗਾਂ ਦੇ ਕੱਪੜੇ ਨਾ ਪਾਓ। ਹਲਕੇ ਖਾਦੀ ਅਤੇ ਫਿੱਕੇ ਰੰਗ ਦੇ ਕੱਪੜਿਆਂ ਨੂੰ ਤਰਜੀਹ ਦਿਓ ਅਤੇ ਅਜਿਹੇ ਕੱਪੜੇ ਪਹਿਨੋ ਜੋ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਲੈਣ। ਧੁੱਪ ਤੋਂ ਬਚਣ ਲਈ ਐਨਕਾਂ ਲਗਾਓ, ਘਰੋਂ ਬਾਹਰ ਨਿਕਲਦੇ ਸਮੇਂ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ। ਜੇ ਸੰਭਵ ਹੋਵੇ ਤਾਂ ਆਪਣਾ ਸਿਰ ਤੌਲੀਏ ਨਾਲ ਢੱਕ ਕੇ ਰੱਖੋ। ਸੰਤਰੇ, ਲੱਸੀ, ਨਿੰਬੂ ਪਾਣੀ ਦੇ ਨਾਲ-ਨਾਲ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਸੰਤਰਾ, ਖੀਰਾ, ਟਮਾਟਰ ਆਦਿ ਦਾ ਸੇਵਨ ਕਰੋ। ਹੀਟ ਸਟ੍ਰੋਕ ਦੇ ਕੁਝ ਲੱਛਣ ਜਿਵੇਂ ਕਿ ਤੇਜ਼ ਸਿਰ ਦਰਦ, ਚੱਕਰ ਆਉਣਾ, ਪਸੀਨਾ ਨਾ ਆਉਣਾ, ਉਲਟੀਆਂ, ਘਬਰਾਹਟ ਆਦਿ ਹਨ। ਜੇਕਰ ਤੁਹਾਨੂੰ ਅਜਿਹੀ ਕੋਈ ਸਮੱਸਿਆ ਆਉਂਦੀ ਹੈ, ਤਾਂ ਡਾਕਟਰ ਦੀ ਸਲਾਹ ਲਓ।



