ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੱਡਾ ਬਿਆਨ, ਸਕੂਲਾਂ ਨੇੜੇ ਨਹੀਂ ਵਿਕੇਗੀ ਐਨਰਜੀ ਡਰਿੰਕ

by nripost

ਫਿਰੋਜ਼ਪੁਰ (ਨੇਹਾ): ਐਨਰਜੀ ਡਰਿੰਕਸ ਬੱਚਿਆ ਦੀ ਸਿਹਤ ਲਈ ਪੂਰੀ ਤਰ੍ਹਾਂ ਨਾਲ ਹਾਨੀਕਾਰਕ ਹਨ ਅਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆ ਸਕੂਲਾਂ ਵਿੱਚ ਐਨਰਜੀ ਡਰਿੰਕਸ ਵੇਚਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਜਾਣਕਾਰੀ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਵੱਲੋਂ ਫਿਰੋਜ਼ਪੁਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਨਾਲ ਮੀਟਿੰਗ ਕਰਦਿਆ ਸਾਂਝੀ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰ ਦੇ ਸਕੂਲਾਂ ਤੋ 50 ਮੀਟਰ ਤੇ ਪਿੰਡਾਂ ਵਿੱਚ 100 ਮੀਟਰ ਤੱਕ ਐਨਰਜੀ ਡਰਿੰਕ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲੱਗਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕੀ ਐਨਰਜੀ ਡਰਿੰਕਸ ਤੇ ਲਗਾਈ ਗਈ ਪਾਬੰਦੀ ਬਾਰੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆ ਘਰ ਵਿੱਚ ਐਨਰਜੀ ਡਰਿੰਕਸ ਨਾ ਲਿਆਂਦੀ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਐਨਰਜੀ ਡਰਿੰਕਸ ਨਸ਼ਿਆਂ ਵੱਲ ਝੁਕਾਅ ਵਧਾਉਂਦੇ ਹਨ ਜਿਨ੍ਹਾਂ ਵਿੱਚ ਕੈਫੀਨ ਦੀ ਮਾਤਰਾ ਜਾਦਾ ਹੁੰਦੀ ਹੈ, ਜੋ ਕਿ ਉਤੇਜਕ ਵਜੋਂ ਕੰਮ ਕਰਦੇ ਹਨ।

ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੇ ਵੱਖ-ਵੱਖ ਐਨਰਜੀ ਡਰਿੰਕਸ ਬਾਜ਼ਾਰ ਵਿੱਚ ਊਰਜਾ ਵਧਾਉਣ ਵਾਲੇ ਜਾਂ ਖੁਰਾਕ ਪੂਰਕ ਵਜੋਂ ਪੇਸ਼ ਕੀਤੇ ਗਏ ਹਨ। ਇਹਨਾਂ ਪੀਣ ਵਾਲੇ ਪਦਾਰਥਾਂ ਵਿੱਚ ਉੱਚ ਪੱਧਰੀ ਕੈਫੀਨ ਹੁੰਦੀ ਹੈ ਜੋ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕਰਦੀ ਹੈ ਜੋ ਕਿ ਮਨੁੱਖੀ ਸਰੀਰ ਲਈ ਹਾਨੀਕਾਰਕ ਹੈ। ਸਿਹਤ ਮੰਤਰੀ ਨੇ ਕਿਹਾ ਕਿ ਬੱਚਿਆਂ ਦੁਆਰਾ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਤੱਕ ਸੰਭਾਵੀ ਪਹੁੰਚ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਸੂਬਾ ਸਰਕਾਰ ਮਾਪਿਆਂ ਨੂੰ ਅਪੀਲ ਕਰਦੀ ਹੈ ਕਿ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਜਾਵੇ ਅਤੇ ਬੱਚਿਆਂ ਨੂੰ ਇਸ ਤੋ ਦੂਰ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਇਹਨਾਂ ਡਰਿੰਕਸ ਦੀ ਵਰਤੋਂ ਨਾਲ ਕਾਰਡੀਓਵੈਸਕੁਲਰ, ਨਿਊਰੋਲੋਜੀਕਲ, ਮਨੋਵਿਗਿਆਨਕ, ਗੈਸਟਰੋਇੰਟੇਸਟਾਈਨਲ, ਪਾਚਕ ਤੇ ਗੁਰਦੇ ਆਦਿ ਤੇ ਮਾੜਾ ਅਸਰ ਪੈਂਦਾ ਹੈ। ਸਿਹਤ ਮੰਤਰੀ ਨੇ ਕਿਹਾ ਕੀ ਐਨਰਜੀ ਡਰਿੰਕਸ ਬੱਚਿਆਂ, ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵੀ ਹਾਨੀਕਾਰਕ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਹਰੇਕ ਵਿਅਕਤੀ ਇਸ ਵਿੱਚ ਆਪਣਾ ਯੋਗਦਾਨ ਦੇਵੇ।

More News

NRI Post
..
NRI Post
..
NRI Post
..