ਹੁਸ਼ਿਆਰਪੁਰ (ਰਾਘਵ): ਥਾਣਾ ਦਸੂਹਾ ਦੇ ਪਿੰਡ ਸ਼ਾਹਪੁਰ ਵਿਖੇ ਅੱਜ ਇਕ ਜਿਮੀਦਾਰ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਦਾ ਟਰੈਕਟਰ ਨਾਲ ਘੜੀਸ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ਮਗਰੋਂ ਥਾਣਾ ਮੁਖੀ ਦਸੂਹਾ ਰਜਿੰਦਰ ਸਿੰਘ ਮਿਨਹਾਸ, ਏ. ਐੱਸ. ਆਈ. ਜਰਨੈਲ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਪਹੁੰਚੇ। ਕਤਲ ਕੀਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦਸੂਹਾ ਦੇ ਸਿਵਲ ਹਸਪਤਾਲ ਦੀ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਮੀਨ ਦੇ ਝਗੜੇ ਦੇ ਸਬੰਧ ਵਿੱਚ ਦੋਹਾਂ ਧਿਰਾਂ ਦਾ ਕੋਈ ਕੇਸ ਚੱਲਦਾ ਸੀ। ਟਰੈਕਟਰ ਮਾਲਕ ਜੋਗਿੰਦਰ ਸਿੰਘ ਨੂੰ ਖੇਤਾਂ ਵਿੱਚ ਲਗਭਗ 30 ਫੁੱਟ ਦੂਰ ਤੱਕ ਘੜੀਸਦਾ ਲੈ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਦਸੂਹਾ ਪੁਲਸ ਨੇ ਇਸ ਸਬੰਧੀ ਮ੍ਰਿਤਕ ਦੇ ਲੜਕੇ ਦੇ ਬਿਆਨ ਦੇ ਆਧਾਰ 'ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।



