Alberta ‘ਚ ਹੋਈ ਭਾਰੀ ਗੜੇਮਾਰੀ, ਗੱਡੀਆਂ ਦੇ ਟੁੱਟੇ ਸ਼ੀਸ਼ੇ, ਕਈ ਲੋਕ ਵੀ ਜ਼ਖਮੀ

by jaskamal

4 ਅਗਸਤ, ਨਿਊਜ਼ ਡੈਸਕ (ਸਿਮਰਨ) : ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਕੈਨੇਡਾ ਤੋਂ, ਜਿਥੇ ਕਿ ਅਲਬਰਟਾ ਦੇ ਵਿਚ ਤੇਜ਼ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਈ। ਕੈਨੇਡੀਅਨ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਪੱਛਮੀ ਸੂਬੇ ਅਲਬਰਟਾ 'ਚ ਇਕੋ ਦਮ ਹੀ ਇੰਨਾ ਤੇਜ਼ ਤੂਫ਼ਾਨ ਆਇਆ ਕਿ ਗੜੇਮਾਰੀ ਹੋਣ ਨਾਲ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਅਤੇ ਕਈ ਲੋਕਾਂ ਨੂੰ ਸੱਟਾਂ ਵੀ ਲੱਗ ਗਈਆਂ।

ਦੱਸਿਆ ਜਾ ਰਿਹਾ ਕਿ ਕਿ ਗੜਿਆਂ ਦਾ ਸਾਈਜ਼ ਬੇਸਬਾੱਲ ਦੀ ਗੇਂਦ ਤੋਂ ਵੀ ਵੱਡਾ ਸੀ ਜਿਸਦੇ ਨਾਲ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਗਏ ਅਤੇ ਗੱਡੀਆਂ ਵੀ ਕਾਫੀ ਨੁਕਸਾਨੀਆਂ ਗਈਆਂ ਹਨ। ਕਰੀਬ 15 ਤੋਂ 20 ਮਿੰਟ ਤੱਕ ਚੱਲੇ ਇਸ ਤੇਜ਼ ਤੂਫਾਨ ਨੇ ਸ਼ਹਿਰਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ।

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਅਨੁਸਾਰ, ਗੜਿਆਂ ਨੇ 34 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਇਸ ਤੂਫ਼ਾਨ ਦੇ ਨਾਲ ਤਿੰਨ ਗੱਡੀਆਂ ਦੀ ਸੜਕ 'ਤੇ ਭਿਆਨਕ ਟੱਕਰ ਵੀ ਹੋ ਗਈ।

ਇਸ ਤੂਫ਼ਾਨ ਤੋਂ ਬਾਅਦ ਕੈਨੇਡਾ ਦੇ ਲੋਕਾਂ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡਿਆ ਅਕਾਉਂਟਸ 'ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਅਤੇ ਤਸਵੀਰਾਂ ਤੇ ਵੀਡਿਓਜ਼ ਪਾ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਓਧਰ ਜ਼ਖਮੀ ਹੋਏ ਲੋਕਾਂ ਦਾ ਨਿੱਜੀ ਹਸਪਤਾਲ ਦੇ ਵਿਚ ਇਲਾਜ਼ ਚਲ ਰਿਹਾ ਹੈ।