Snowfall in Himachal: ਬਰਫ਼ ਦੀ ਲਪੇਟ ‘ਚ ਹਿਮਾਚਲ, ਸੈਲਾਨੀਆਂ ਦਾ ਆਇਆ ਹੜ੍ਹ, ਤਸਵੀਰਾਂ ‘ਚ ਦੇਖੋ ਕੁਦਰਤੀ ਨਜ਼ਾਰੇ

by mediateam

ਧਰਮਸ਼ਾਲਾ: ਹਿਮਾਚਲ ਪ੍ਰਦੇਸ਼ 'ਚ ਮੌਸਮ ਨੇ ਪੂਰੀ ਤਰ੍ਹਾਂ ਕਰਵਟ ਬਦਲ ਲਈ ਹੈ। ਪਹਾੜਾਂ ਸਮੇਤ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਬਰਫ਼ਬਾਰੀ ਦਾ ਦੌਰ ਬਾਦਸਤੂਰ ਜਾਰੀ ਹੈ। ਮੱਧਮ ਉਚਾਈ ਵਾਲੇ ਇਲਾਕਿਆਂ 'ਚ ਰਾਤ ਨੂੰ ਹਲਕੀ ਬਾਰਿਸ਼ ਹੋਣ ਨਾਲ ਪੂਰਾ ਸੂਬਾ ਠੰਢ ਦੀ ਲਪੇਟ 'ਚ ਹੈ। ਲਾਹੌਲ ਤੇ ਕੁੱਲੂ ਦੀਆਂ ਪਹਾੜੀਆਂ 'ਚ ਰੁਕ-ਰੁਕ ਕੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਜ਼ਿਲ੍ਹਾ ਕਾਂਗੜਾ 'ਚ ਧੌਲਾਧਾਰ ਦੀਆਂ ਪਹਾੜੀਆਂ 'ਤੇ ਵੀ ਬਰਫ਼ਬਾਰੀ ਹੋ ਰਹੀ ਹੈ ਜਿਸ ਨਾਲ ਸਮੁੱਚੀ ਘਾਟੀ ਠੰਢ ਦੀ ਲਪੇਟ 'ਚ ਹੈ।


ਜ਼ਿਲ੍ਹਾ ਕੁੱਲੂ ਦੇ ਮਨਾਲੀ ਸਥਿਤ ਕੋਠੀ ਪਿੰਡ 'ਚ ਹੋ ਰਹੀ ਬਰਫ਼ਬਾਰੀ ਦੌਰਾਨ ਲੰਘਦੇ ਵਾਹਨ ਤੇ ਲੋਕ

ਦੇਸ਼ ਤੇ ਦੁਨੀਆ ਦੇ ਸੈਲਾਨੀਆਂ ਲਈ ਪਹਿਲੀ ਪਸੰਦ ਰਹਿਣ ਵਾਲੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਰੋਹਤਾਂਗ ਦਰਾ ਸਮੇਤ ਬਾਰਾਲਾਚ, ਸ਼ਿੰਕੁਲਾ ਤੇ ਕੁੰਜੁਮ ਜੋਤ 'ਚ ਬਰਫ਼ ਦੇ ਢੇਰ ਲੱਗ ਗਏ ਹਨ। ਮਨਾਲੀ-ਲੇਹ, ਮਨਾਲੀ-ਜਾਂਸਕਰ ਤੇ ਮਨਾਲੀ-ਕਾਜਾ ਮਾਰਗ ਬੰਦ ਹੋ ਗਏ ਹਨ। ਰੋਹਤਾਂਗ ਦਰਾ ਬੰਦ ਹੋਣ ਕਾਰਨ ਲਾਹੌਲ ਘਾਟੀ ਵੀ ਇਕ ਹਫ਼ਤਾ ਪਹਿਲਾਂ ਕੁੱਲੂ ਨਾਲੋਂ ਕੱਟੀ ਗਈ ਹੈ।


ਜ਼ਿਲ੍ਹਾ ਕੁੱਲੂ ਦੇ ਮਨਾਲੀ ਸਥਿਤ ਕੋਠੀ ਪਿੰਡ 'ਚ ਹੋ ਰਹੀ ਬਰਫ਼ਬਾਰੀ ਵਿਚਕਾਰ ਲੁਤਫ਼ ਉਠਾਉਂਦੇ ਸੈਲਾਨੀ

ਬੁੱਧਵਾਰ ਸਵੇਰ ਤੋਂ ਪਹਾੜੀਆਂ 'ਚ ਰੁਕ-ਰੁਕ ਕੇ ਬਰਫ਼ਬਾਰੀ ਦਾ ਦੌਰ ਜਾਰੀ ਹੈ ਜਦਕਿ ਘਾਟੀ 'ਚ ਬਾਰਿਸ਼ ਹੋ ਰਹੀ ਹੈ। ਹਾਲਾਂਕਿ ਟੂਰਿਜ਼ਮ ਨਗਰੀ ਮਨਾਲੀ 'ਚ ਫ਼ਿਲਹਾਲ ਬਰਫ਼ ਨਹੀਂ ਡਿੱਗੀ ਹੈ ਪਰ ਸੋਲੰਗ ਤੇ ਕੋਠੀ ਪਿੰਡ ਤਕ ਬਰਫ਼ਬਾਰੀ ਹੋ ਰਹੀ ਹੈ। ਰੋਹਤਾਂਗ ਦਰੇ ਦੇ ਉਸ ਪਾਰ ਗ੍ਰਾਂਫੂ, ਕੋਕਸਰ, ਸਿਸੁ ਤੇ ਗੋਂਦਲਾ ਘਾਟੀ ਸਮੇਤ ਯੋਚੇ, ਦਾਰਚਾ ਤੇ ਰਾਰਿਕ ਪਿੰਡ 'ਚ ਬਰਫ਼ਬਾਰੀ ਹੋ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।