ਪੰਜਾਬ ‘ਚ ਹਾਈ ਅਲਰਟ ਦੇ ਹੁਕਮ ISI ਗਿਰੋਹ ਦੇ ਚਾਰ ਅੱਤਵਾਦੀ ਕਾਬੂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗਿਰੋਹ ਦਾ ਇਹ ਚੌਥਾ ਮਾਮਲਾ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫ.ਆਈ.ਆਰ ਨੰ. 260 ਮਿਤੀ 11.8.2021, ਪੁਲਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲ੍ਹਣ ਦੇ ਨਾਲ ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰਾਂ ਆਦਿ ਦੇ ਨਾਲ -ਨਾਲ ਸੂਬੇ ਭਰ ਵਿੱਚ ਨਾਜ਼ੁਕ `ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀ.ਜੀ.ਪੀ. ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗਿਰੋਹ ਨਾਲ ਸਬੰਧਤ ਹਨ।

ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲ੍ਹਰਵਾਲ, ਮਲਕੀਤ ਸਿੰਘ ਵਾਸੀ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮ੍ਰਿਤਸਰ ਅਧੀਨ ਪੈਂਦੇ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਸ ਨੇ 20 ਅਗਸਤ, 2021 ਨੂੰ ਗ੍ਰਿਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਿਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ `ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮ੍ਰਿਤਸਰ-ਅਜਨਾਲਾ ਰੋਡ ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜ੍ਹੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬ੍ਰਿਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫਆਈਆਰ ਨੰ. 260 ਦਰਜ ਕੀਤੀ ਗਈ।

ਫਿਲਿੰਗ ਸਟੇਸ਼ਨ ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮ੍ਰਿਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸ਼ੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸ਼ੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮ੍ਰਿਤਸਰ ਹਾਈਵੇ ਤੇ ਹੰਬੋਵਾਲ ਵਿਖੇ ਟਿਫਨ ਆਈਈਡੀ ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ।

ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।
8 ਅਗਸਤ, 2021 ਨੂੰ ਇਨ੍ਹਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।

ਰੋਡੇ ਅਤੇ ਕਾਸਿਮ ਨਾਲ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫਆਈਆਰ ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।

ਅੰਮ੍ਰਿਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈਈਡੀ ਬਰਾਮਦ ਕੀਤਾ ਸੀ। ਟਿਫਿਨ ਬੰਬ ਆਈਈਡੀ ਵਿੱਚ ਲਗਭਗ 2-3 ਕਿਲੋਗ੍ਰਾਮ ਆਰਡੀਐਕਸ ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।

15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।