ਹਾਈ ਕੋਰਟ ਦਾ ਵੱਡਾ ਫੈਸਲਾ: ਮੋਗਾ ‘ਚ ਮੈਅਰ ਚੋਣ 31 ਜਨਵਰੀ ਤੋਂ ਪਹਿਲਾਂ ਕਰਨ ਦਾ ਦਿੱਤਾ ਹੁਕਮ

by nripost

ਮੋਗਾ (ਨੇਹਾ): ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 9 ਕੌਂਸਲਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਥਾਨਕ ਨਗਰ ਨਿਗਮ ਮੇਅਰ ਦੀ ਚੋਣ 31 ਜਨਵਰੀ ਤੋਂ ਪਹਿਲਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਨਿਗਮ ਬਾਡੀ ਦਾ ਕਾਰਜਕਾਲ ਪੂਰਾ ਹੋਣ ਵਿਚ ਕਰੀਬ 4 ਮਹੀਨੇ ਦਾ ਸਮਾਂ ਬਾਕੀ ਰਹਿੰਦਾਂ ਹੈ। ਹਾਈਕੋਰਟ ਦੇ ਹੁਕਮ ਨਾਲ ਹਾਕਮ ਧਿਰ ਦਾ ਕਾਰਜਕਾਰੀ ਮੇਅਰ ਦੇ ਕਾਰਜਕਾਲ ਵਿਚ ਵਾਧਾ ਕਰਨ ਦਾ ਸੁਪਨਾ ਟੁੱਟ ਗਿਆ ਹੈ।

ਜਾਣਕਾਰੀ ਮੁਤਾਬਕ ਵਾਰਡਾਂ ਦੀ ਹੱਦਬੰਦੀ ਤੇ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਕਥਿਤ ਪੱਖਪਾਤ ਕਾਰਨ ਕੌਂਸਲਰਾਂ ਵਿਚ ਪੈਦਾ ਹੋਈ ਧੜੇਬੰਦੀ ਤੋਂ ਹਾਕਮ ਧਿਰ ਖ਼ਾਮੋਸ਼ ਹੈ ਅਤੇ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਕੌਂਸਲਰਾਂ ਦੀ ਧੜੇਬੰਦੀ ਅਤੇ ਹਾਕਮ ਧਿਰ ’ਚ ਕਥਿਤ ਅੰਦਰੂਨੀ ਵਿਵਾਦਾਂ ਦੇ ਚਲਦੇ ਸਿਆਸੀ ਮਾਹੌਲ ਗਰਮਾ ਗਿਆ ਹੈ।

ਇਥੇ ਸ਼ਹਿਰ ਦੇ ਮਸਲਿਆਂ ਲਈ ਸਥਾਪਤ ਸਿਵਲ ਸੁਸਾਇਟੀ ਆਗੂਆਂ ਕੌਂਸਲਰ ਅਜੇ ਸੂਦ ਗੋਰ, ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ, ਸਾਬਕਾ ਵਿਧਾਇਕ ਵਿਜੇ ਸਾਥੀ ਤੇ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਹਾਈਕੋਰਟ ਦੇ ਹੁਕਮ ਅਤੇ ਉਨ੍ਹਾਂ ਕੌਂਸਲਰਾਂ ਜਿਨ੍ਹਾਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ 27 ਨਵੰਬਰ 2025 ਨੂੰ ਵਿਵਾਦਾਂ ਵਿਚ ਘਿਰੇ ਮੇਅਰ ਬਲਜੀਤ ਸਿੰਘ ਚਾਨੀ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾਂ ਬਤੌਰ ਕਾਰਜਕਾਰੀ ਮੇਅਰ ਕੰਮ ਕਰ ਰਹੇ ਹਨ।

ਨਿਯਮਾਂ ਮੁਤਾਬਕ ਇੱਕ ਮਹੀਨੇ ਅੰਦਰ ਮੇਅਰ ਦੀ ਚੋਣ ਕਰਵਾਉਣੀ ਹੁੰਦੀ ਹੈ ਪਰ ਪ੍ਰਸ਼ਾਸਨ ਨੇ ਕਥਿਤ ਸਿਆਸੀ ਦਬਾਅ ਹੇਠ ਚੋਣ ਨਹੀਂ ਕਰਵਾਈ ਤਾਂ ਇਨ੍ਹਾਂ ਕੌਂਸਲਰਾਂ ਨੇ ਹਾਈਕੋਰਟ ਦਾ ਰੁਖ਼ ਅਖਤਿਆਰ ਕੀਤਾ। ਸੁਸਾਇਟੀ ਨੇ 26 ਦਸੰਬਰ ਨੂੰ ਲੋਕਾਂ ਦਾ ਇਕੱਠ ਕਰਕੇ ਵਾਰਡਬੰਦੀ ਅਤੇ ਮੇਅਰ ਦੀ ਚੋਣ ਸਬੰਧੀ ਮਸਲੇ ਉਠਾਏ ਸਨ ਅਤੇ ਅਗਾਮੀ ਨਿਗਮ ਚੋਣਾਂ ਲਈ ਸ਼ਹਿਰ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨਿਗਮ ਕੋਲ 13 ਕਰੋੜ ਰੁਪਏ ਵਿਕਾਸ ਕਾਰਜਾਂ ਦਾ ਫੰਡ ਪਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਤੁਰੰਤ ਮੇਅਰ ਦੀ ਚੋਣ ਕਰਵਾ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੇਪਰੇ ਚਾੜਨ ਦੀ ਮਗ ਕੀਤੀ। ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਥਿਤ ਸਿਆਸੀ ਦਬਾਅ ਹੇਠ ਇਹ ਚੋਣ ਟਾਲੀ ਗਈ ਤਾਂ ਉਨ੍ਹਾਂ ਨੂੰ ਮੁੜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁੱਖ ਰਖਦਿਆਂ ਹਾਈਕੋਰਟ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸ਼ਿਵਸ਼ਰਨ ਸਿੰਘ, ਹਰਭਜਨ ਸਿੰਘ ਬਹੋਨਾ, ਪ੍ਰਿਤਪਾਲ ਸਿੰਘ ਗਿੱਲ ਅਤੇ ਸਾਥੀ ਵਿਜੇ ਕੁਮਾਰ ਹਾਜ਼ਰ ਸਨ।

ਚੇਤੇ ਰਹੇ ਕਿ ਅਪਰੈਲ 2021 ਦੀਆਂ ਨਿਗਮ ਚੋਣਾਂ ਵਿਚ ਹਾਕਮ ਧਿਰ ਖੇਤਰੀ ਦਲਾਂ ਕੋਲੋਂ ਹਾਰ ਗਈ ਸੀ। ਕੁੱਲ 50 ਵਿਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ‘ਆਪ’ 4, ਭਾਜਪਾ 1 ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਸਨ। ਸੂਬੇ ’ਚ 2022 ਦੇ ਸੱਤਾ ਪਰਿਵਰਤਨ ਬਾਅਦ ਹਾਕਮ ਧਿਰ ਆਗੂਆਂ ਨੇ ਕਈ ਕੌਂਸਲਰਾਂ ਨੂੰ ਕਥਿਤ ਲਾਲਚ ਦਿੱਤੇ ਅਤੇੇ ਅਕਾਲੀ,-ਕਾਂਗਰਸੀ ਤੇ ਆਜ਼ਾਦ ਕੌਂਸਲਰਾਂ ਦੀ ਦਲਬਦਲੀ ਕਰਵਾ ਕੇ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆ ਕੇ ਕਾਂਗਰਸ ਤੋਂ ਮੇਅਰ ਦੀ ਕੁਰਸੀ ਖੋਹ ਲਈ। 21 ਅਗਸਤ, 2023 ਨੂੰ ਹਾਕਮ ਧਿਰ ਨੇ ਬਲਜੀਤ ਸਿੰਘ ਚਾਨੀ ਨੂੰ ਮੇਅਰ ਬਣਾ ਦਿੱਤਾ ਅਤੇ ਹੁਣ ਕਥਿਤ ਦਬਾਅ ਨਾਲ ਅਸਤੀਫ਼ਾ ਲੈ ਲਿਆ ਗਿਆ ਸੀ। ਕੌਂਸਲਰਾਂ ’ਚ ਪੈਦਾ ਹੋਈ ਧੜੇਬੰਦੀ ਤੋਂ ਹੁਣ ਹਾਕਮ ਧਿਰ ਨੂੰ ਆਪਣਾ ਮੇਅਰ ਬਣਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

More News

NRI Post
..
NRI Post
..
NRI Post
..