ਦਿੱਲੀ ਬਜਟ- 2021-22 ਦੀਆਂ ਕੁਝ ਖ਼ਾਸ ਗੱਲਾਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਆਮ ਆਦਮੀ ਪਾਰਟੀ ਸਰਕਾਰ 'ਚ ਵਿੱਤ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਵਿੱਤੀ ਵਰ੍ਹੇ 2021-22 ਲਈ ਵਿਧਾਨ ਸਭਾ 'ਚ ਦਿੱਲੀ ਦਾ ਬਜਟ ਪੇਸ਼ ਕੀਤਾ। ਦਿੱਲੀ 'ਚ ਪਹਿਲੀ ਵਾਰ ਡਿਜੀਟਲ ਬਜਟ ਪੇਸ਼ ਕੀਤਾ ਗਿਆ। ਕੋਰੋਨਾ ਮਹਾਮਾਰੀ ਤੋਂ ਉੱਭਰੀ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਹਿਲੀ ਵਾਰ ਡਿਜੀਟਲ ਤਰੀਕੇ ਨਾਲ ਪੇਸ਼ ਬਜਟ ਕਰੀਬ 70 ਹਜ਼ਾਰ ਕਰੋੜ ਰੁਪਏ ਰਿਹਾ। ਪਿਛਲੀ ਵਾਰ ਨਾਲੋਂ ਕਰੀਬ 5000 ਕਰੋੜ ਰੁਪਏ ਜ਼ਿਆਦਾ। ਦਿੱਲੀ ਸਰਕਾਰ ਨੇ ਇਸ ਵਾਰ 69,000 ਕਰੋੜ ਰੁਪਏ ਦਾ ਮੋਟਾ-ਤਾਜ਼ਾ ਬਜਟ ਪੇਸ਼ ਕੀਤਾ ਹੈ ਜੋ ਹਾਲੇ ਤਕ ਦਿੱਲੀ ਦਾ ਸਭ ਤੋਂ ਵੱਡਾ ਬਜਟ ਹੈ। ਆਓ ਜਾਣਦੇ ਹਾਂ ਵਿੱਤੀ ਵਰ੍ਹੇ 2021-22 ਲਈ ਦਿੱਲੀ ਦੇ ਬਜਟ ਦੀਆਂ ਕੁਝ ਖ਼ਾਸ ਗੱਲਾਂ:

  1. ਦਿਵਿਆਂਗ ਪੁਨਰਵਾਸ ਕੇਂਦਰ ਬਣਨਗੇ।
  2. ਸਹੇਲੀ ਤਾਲਮੇਲ ਕੇਂਦਰ ਸਥਾਪਤ ਹੋਵੇਗਾ।
  3. ਦਿੱਲੀ ਦੇ ਵੱਖ-ਵੱਖ ਖੇਤਰਾਂ 'ਚ ਬਣੇ ਆਂਗਨਵਾੜੀ ਹੱਬ 'ਚ ਸ਼ੁਰੂ ਦੇ ਚਾਰ ਘੰਟੇ 'ਚ ਆਂਗਨਵਾੜੀ ਹੱਬ ਚੱਲਣਗੇ ਤੇ ਬਾਅਦ 'ਚ ਸਮੇਂ 'ਚ ਸਹੇਲੀ ਤਾਲਮੇਲ ਕੇਂਦਰ ਚੱਲੇਗਾ, ਜਿਥੇ ਔਰਤਾਂ ਕਾਰੋਬਾਰੀ 'ਤੇ ਵਿਚਾਰ-ਚਰਚਾ ਕਰ ਸਕਣਗੀਆਂ ਤੇ ਆਈਡਿਆਜ਼ ਵਿਕਸਿਤ ਕਰ ਸਕਣਗੀਆਂ।
  4. 23 ਮਹਿਲਾ ਸਹਾਇਤਾ ਸੈੱਲ ਬਣਾਏ ਜਾਣਗੇ, ਜੋ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਮਹਿਲਾਵਾਂ ਨੂੰ ਜਾਗਰੂਕ ਕਰਨਗੇ।
  5. ਤਿੰਨ ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨੀ ਵਾਲੇ ਸ਼ਿਲਪਕਾਰਾਂ ਨੂੰ ਲੀਜ਼ 'ਤੇ ਦੁਕਾਨਾਂ ਉਪਲੱਬਧ ਕਰਵਾਏਗੀ ਸਰਕਾਰ।
  6. ਸੁਗਮ ਸਹਾਇਤਾ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਦਿਵਿਆਂਗਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ।
  7. ਸੂਬਾਈ ਬਰਾਮਦ ਪੁਰਸਕਾਰ ਸ਼ੁਰੂ ਕੀਤੇ ਜਾ ਰਹੇ ਹਨ, ਜੋ ਸ਼ਾਨਦਾਰ ਬਰਾਮਦਕਾਰਾਂ ਨੂੰ ਦਿੱਤੇ ਜਾਣਗੇ।
  8. ਦਿੱਲੀ 'ਚ ਸਹੇਲੀ ਤਾਲਮੇਲ ਕੇਂਦਰ ਬਣਨਗੇ ਤੇ ਇਸ ਲਈ 23 ਮਹਿਲਾ ਹੈਲਥ ਡੈੱਸਕ ਵੀ ਬਣਾਏ ਜਾਣਗੇ।
  9. ਈਸਟ ਵੈਸਟ, ਨਾਰਥ ਸਾਊਥ ਕਾਰੀਡੋਰ ਤੇ ਸਿਗਨੇਚਰ ਬਿ੍ਜ ਤੋਂ ਡੀਐੱਨਡੀ ਤਕ ਐਲੀਵੇਟਿਡ ਕਾਰੀਡੋਰ 'ਤੇ ਇਸ ਸਾਲ ਕੰਮ ਸ਼ੁਰੂ ਹੋ ਜਾਵੇਗਾ।
  10. ਦਿੱਲੀ 'ਚ 1,397 ਨਵੇਂ ਬੱਸ ਕਿਊ ਸ਼ੈੱਲਟਰ ਬਣਾਏ ਜਾਣਗੇ।