ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੀ ਸਟਾਰ ਐਥਲੀਟ ਹਿਮਾ ਦਾਸ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਿਮਾ ਦਾਸ ਨੇ ਪਿਛਲੇ 15 ਦਿਨਾਂ 'ਚ ਆਪਣਾ ਚੌਥਾ ਗੋਲਡ ਮੈਡਲ ਜਿੱਤਿਆ ਹੈ। ਹਿਮਾ ਨੇ ਚੈੱਕ ਰਿਪਬਲਿਕ 'ਚ ਚੱਲ ਰਹੇ ਟਾਬੋਰ ਐਥਲੈਟਿਕਸ ਮੀਟ 'ਚ ਬੁੱਧਵਾਰ ਨੂੰ ਇੱਕ ਹੋਰ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ। ਹਿਮਾ ਨੇ ਮਹਿਜ਼ 23.25 ਸੈਕੰਡ 'ਚ ਦੌੜ ਪੂਰੀ ਕਰ ਲਈ। 19 ਸਾਲ ਦੀ ਇਸ ਐਥਲੀਟ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ।
ਹਿਮਾ ਦਾਸ ਵੱਲੋਂ ਚੌਥਾ ਗੋਲਡ ਮੈਡਲ ਜਿੱਤਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਕਰਦਿਆਂ ਲਿਖਿਆ, "15 ਦਿਨਾਂ 'ਚ ਚੌਥਾ ਗੋਲਡ! ਚੈੱਕ ਰਿਪਬਲਿਕ 'ਚ ਆਯੋਜਿਤ ਟਾਬੋਰ ਐਥਲੈਟਿਕਸ ਮੀਟ 'ਚ 200 ਮੀਟਰ ਦੀ ਦੌੜ ਵਿੱਚ ਹਿਮਾ ਦਾਸ ਦਾ ਸ਼ਾਨਦਾਰ ਪ੍ਰਦਰਸ਼ਨ।" ਉੱਥੇ ਹੀ ਨੈਸ਼ਨਲ ਰਿਕਾਰਡ ਹੋਲਡਰ ਮੁਹੰਮਦ ਅੰਸ ਨੇ ਵੀ 400 ਮੀਟਰ ਰੇਸ 'ਚ ਗੋਲਡ ਮੈਡਲ ਜਿੱਤਿਆ।
ਇਸ ਤੋਂ ਪਹਿਲਾਂ 2 ਜੁਲਾਈ ਨੂੰ ਹਿਮਾ ਨੇ ਪਹਿਲਾ ਗੋਲਡ ਜਿੱਤਿਆ ਸੀ। ਇਸ ਤੋਂ ਬਾਅਦ ਹਿਮਾ ਨੇ 7 ਅਤੇ 13 ਜੁਲਾਈ ਨੂੰ ਗੋਲਡ ਮੈਡਲ ਜਿੱਤਿਆ।