16 ਸਾਲਾ ਗ੍ਰੈਂਡਮਾਸਟਰ ਪ੍ਰਗਨਾਨੰਦ ਨੇ ਰਚਿਆ ਇਤਿਹਾਸ; ਵਿਸ਼ਵ ਦੇ ਇਸ ਦਿੱਗਜ ਨੂੰ ਦਿੱਤੀ ਮਾਤ

by jaskamal

ਨਿਊਜ਼ ਡੈਸਕ : ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਇਕ ਵੱਡਾ ਇਤਿਹਾਸ ਰਚਿਆ ਹੈ। 16 ਸਾਲਾ ਪ੍ਰਗਨਾਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਦੇ 8ਵੇਂ ਦੌਰ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ। ਸੋਮਵਾਰ ਸਵੇਰੇ ਖੇਡੇ ਗਏ ਮੈਚ 'ਚ ਪ੍ਰਗਨਾਨੰਦਾ ਨੇ ਕਾਰਲਸਨ ਨੂੰ 39 ਚਾਲਾਂ 'ਚ ਹਰਾਇਆ। ਇਸ ਤਰ੍ਹਾਂ ਉਸ ਨੇ ਇਸ ਤੋਂ ਪਹਿਲਾਂ ਲਗਾਤਾਰ 3 ਮੈਚ ਜਿੱਤਣ ਵਾਲੇ ਕਾਰਲਸਨ ਦੀ ਜੇਤੂ ਮੁਹਿੰਮ ਦਾ ਵੀ ਅੰਤ ਕਰ ਦਿੱਤਾ।

ਭਾਰਤੀ ਗ੍ਰੈਂਡਮਾਸਟਰ ਨੇ ਇਸ ਜਿੱਤ ਨਾਲ ਅੱਠ ਅੰਕ ਪ੍ਰਾਪਤ ਕੀਤੇ ਹਨ ਤੇ ਉਹ ਅੱਠਵੇਂ ਦੌਰ ਤੋਂ ਬਾਅਦ ਸੰਯੁਕਤ 12ਵੇਂ ਸਥਾਨ 'ਤੇ ਹੈ।ਪਿਛਲੇ ਦੌਰ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਵਾਲੇ ਕਾਰਲਸਨ 'ਤੇ ਪ੍ਰਗਨਾਨੰਦਾ ਦੀ ਜਿੱਤ ਨੇ ਖੇਡ ਜਗਤ 'ਚ ਖਲਬਲੀ ਮਚਾ ਦਿੱਤੀ।

ਅਨੀਸ਼ ਗਿਰੀ ਤੇ ਕਵਾਂਗ ਲਿਮ
ਪ੍ਰਗਨਾਨੰਦਾ ਵੱਲੋਂ ਅਨੀਸ਼ ਗਿਰੀ ਤੇ ਕਵਾਂਗ ਲਿਮ ਦੇ ਖਿਲਾਫ ਖੇਡਿਆ ਮੈਚ ਡਰਾਅ ਹੋ ਗਿਆ, ਜਦਕਿ ਐਰਿਕ ਹੈਨਸਨ, ਡਿੰਗ ਲਿਰੇਨ, ਜਾਨ ਕ੍ਰਜ਼ੀਸਟੋਫ ਡੂਡਾ ਅਤੇ ਸ਼ਖਰੀਯਾਰ ਮਾਮੇਦਯਾਰੋਵ ਤੋਂ ਹਾਰ ਗਏ। ਕੁਝ ਮਹੀਨੇ ਪਹਿਲਾਂ ਨਾਰਵੇ ਦੇ ਕਾਰਲਸਨ ਤੋਂ ਵਿਸ਼ਵ ਚੈਂਪੀਅਨਸ਼ਿਪ ਮੈਚ ਹਾਰਨ ਵਾਲਾ ਰੂਸ ਦਾ ਇਆਨ ਨੇਪੋਮਨੀਆਚਚੀ 19 ਅੰਕਾਂ ਨਾਲ ਚੋਟੀ 'ਤੇ ਹੈ।

ਉਨ੍ਹਾਂ ਤੋਂ ਬਾਅਦ ਡਿੰਗ ਲੀਰੇਨ ਅਤੇ ਹੈਨਸਨ (ਦੋਵੇਂ 15 ਪੁਆਇੰਟਾਂ) 'ਤੇ ਹਨ। ਏਅਰ ਥਿੰਗਜ਼ ਮਾਸਟਰਜ਼ 'ਚ 16 ਖਿਡਾਰੀ ਹਿੱਸਾ ਲੈ ਰਹੇ ਹਨ। ਇਸ 'ਚ, ਖਿਡਾਰੀ ਨੂੰ ਜਿੱਤ ਲਈ 3 ਅੰਕ ਅਤੇ ਡਰਾਅ ਲਈ ਇੱਕ ਅੰਕ ਮਿਲਦਾ ਹੈ। ਸ਼ੁਰੂਆਤੀ ਪੜਾਅ 'ਚ ਸੱਤ ਰਾਊਂਡ ਅਜੇ ਖੇਡੇ ਜਾਣੇ ਹਨ।